ਕੋਟਕਪੁਰਾ ਗੋਲੀਕਾਂਡ ’ਚ ਸਿਟ ਦਾ ਵੱਡਾ ਖ਼ੁਲਾਸਾ, ਪੁਲਿਸ ਨੇ ਸੀਸੀਟੀਵੀ ਵੀਡੀਓ ਨਾਲ ਕੀਤੀ ਸੀ ਛੇੜਛਾੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਐਸਆਈਟੀ ਨੇ ਆਈਜੀ ਉਮਰਾਨੰਗਲ ਦੇ ਪੁਲਿਸ...

Kotakpura Firing

ਫਰੀਦਕੋਟ : ਬਹਿਬਲ ਕਲਾਂ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਵਿਚ ਜਾਂਚ ਕਰ ਰਹੀ ਐਸਆਈਟੀ ਨੇ ਆਈਜੀ ਉਮਰਾਨੰਗਲ ਦੇ ਪੁਲਿਸ ਰਿਮਾਂਡ ਦੀ ਮੰਗ ਵਿਚ ਵਾਧੇ ਦੀ ਮੰਗ ਕਰਦੇ ਹੋਏ ਸ਼ਨਿਰਚਰਵਾਰ ਨੂੰ ਫਰੀਦਕੋਟ ਦੇ ਜੁਡੀਸ਼ਲ ਮੈਜਿਸਟ੍ਰੇਟ ਸਾਹਮਣੇ ਇਕ ਹੋਰ ਵੱਡਾ ਖ਼ੁਲਾਸਾ ਕੀਤਾ ਹੈ। ਪਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਦੱਸਿਆ ਕਿ ਸ਼ਾਂਤੀ ਪੂਰਵਕ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਉਤੇ ਗੋਲੀ ਚਲਾਉਣ ਦੀ ਘਟਨਾ ਉਤੇ ਪਰਦਾ ਪਾਉਣ ਲਈ ਮੁਲਜ਼ਮ ਪੁਲਿਸ ਅਫ਼ਸਰਾਂ ਵਲੋਂ ਸੀ.ਸੀ.ਟੀ.ਵੀ. ਵੀਡੀਓ ਨਾਲ ਵੀ ਛੇੜਛਾੜ ਕੀਤੀ ਗਈ।

14 ਅਕਤੂਬਰ, 2015 ਨੂੰ ਕੋਟਕਪੁਰਾ ਵਿਖੇ ਮੇਨ ਚੌਂਕ ਵਿਚ ਲੱਗੇ ਕੈਮਰਿਆਂ ਵਿਚ ਇਹ ਘਟਨਾ ਕੈਦ ਹੋ ਗਈ ਸੀ। ਐਸਆਈਟੀ ਵਲੋਂ ਅਦਾਲਤ ਵਿਚ ਕੁਝ ਵੀਡੀਓ ਕਲਿੱਪਸ ਚਲਾਈਆਂ ਗਈਆਂ ਜਿਸ ਨੂੰ ਵੇਖ ਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਨੇ ਪ੍ਰਦਰਸ਼ਕਾਰੀਆਂ ਉਤੇ ਜ਼ਲਮ ਢਾਹਿਆ। ਇਸ ਦੇ ਨਾਲ ਹੀ ਐਸਆਈਟੀ ਦੇ ਦਾਅਵੇ ਦਾ ਵਿਰੋਧ ਕਰਦਿਆਂ ਉਮਰਾਨੰਗਲ ਦੇ ਵਕੀਲ ਨੇ ਵੀ ਇਕ ਵੀਡੀਓ ਅਦਾਲਤ ਵਿਚ ਪੇਸ਼ ਕੀਤੀ

ਅਤੇ ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਵਲੋਂ ਸਵੈ-ਰੱਖਿਆ ਵਿਚ ਗੋਲੀ ਚਲਾਈ ਗਈ ਸੀ। ਇਸ ਦੌਰਾਨ ਵਕੀਲ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਦਰਸ਼ਨਕਾਰੀਆਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਐਸਆਈਟੀ ਨੇ ਮੁਲਜ਼ਮ ਦੇ ਵਕੀਲ ਦੇ ਵਿਰੋਧ ਵਿਚ ਦਾਅਵਾ ਕੀਤਾ ਕਿ ਗੋਲ਼ੀਆਂ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸਟ੍ਰੇਟ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ ਅਤੇ ਘਟਨਾ ਹੋਣ ਮਗਰੋਂ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਤੋਂ ਇਸ ਸਬੰਧੀ ਜ਼ਬਰੀ ਇਜਾਜ਼ਤ ਲਈ ਅਤੇ ਮੈਜਿਸਟ੍ਰੇਟ ਦੇ ਇਸ ਬਾਬਤ ਇਕਬਾਲੀਆ ਬਿਆਨ ਐਸਆਈਟੀ ਕੋਲ ਮੌਜੂਦ ਹਨ।

ਐਸਆਈਟੀ ਮੈਂਬਰ ਤੇ ਐਸਐਸਪੀ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਬਹਿਬਲ ਕਲਾਂ ਕਾਂਡ ਦੀ ਜਾਂਚ ਬੇਹੱਦ ਸੰਵੇਦਨਸ਼ੀਲ ਪਰ ਅਹਿਮ ਮੋੜ 'ਤੇ ਆਣ ਖੜ੍ਹੀ ਹੈ। ਐਸਆਈਟੀ ਨੇ ਬੀਤੇ ਦਿਨ ਸਵੈ ਰੱਖਿਆ ਦਰਸਾਉਣ ਲਈ ਗੋਲ਼ੀਆਂ ਚਲਾਉਣ 'ਚ ਵਰਤੀ ਗਈ ਬੰਦੂਕ ਨੂੰ ਵੀ ਬਰਾਮਦ ਕਰ ਲਿਆ ਹੈ।