ਚੰਡੀਗੜ੍ਹ: ਸ਼ਹਿਰ 'ਚ ਵੱਡੀ ਗਿਣਤੀ ਵਿਚ ਚਲ ਰਹੇ ਹਨ ਗ਼ੈਰ ਕਾਨੂੰਨੀ ਪੀ.ਜੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੈਕਟਰ-32 ਵਿਚਲੇ ਪੀ.ਜੀ. ਵਿਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਮੁਟਿਆਰਾਂ ਦੀ ਹੋਈ ਦਰਦਨਾਕ ਮੌਤ ਨੇ ਸ਼ਹਿਰ ਵਿਚ ਚਲ ਰਹੇ ਗ਼ੈਰ ਕਾਨੂੰਨੀ ਪੀ.ਜੀ. 'ਤੇ ਵੱਡਾ

File Photo

ਚੰਡੀਗੜ੍ਹ  (ਤਰੁਣ ਭਜਨੀ): ਸੈਕਟਰ-32 ਵਿਚਲੇ ਪੀ.ਜੀ. ਵਿਚ ਭਿਆਨਕ ਅੱਗ ਲੱਗਣ ਕਾਰਨ ਤਿੰਨ ਮੁਟਿਆਰਾਂ ਦੀ ਹੋਈ ਦਰਦਨਾਕ ਮੌਤ ਨੇ ਸ਼ਹਿਰ ਵਿਚ ਚਲ ਰਹੇ ਗ਼ੈਰ ਕਾਨੂੰਨੀ ਪੀ.ਜੀ. 'ਤੇ ਵੱਡਾ ਸਵਾਲ ਖੜਾ ਕੀਤਾ ਹੈ। ਚੰਡੀਗੜ੍ਹ ਵਿਚ ਧੜੱਲੇ ਨਾਲ ਪ੍ਰਸ਼ਾਸਨ ਦੀਆਂ ਅੱਖਾਂ ਸਾਹਮਣੇ ਘਰਾਂ ਵਿਚ ਪੀ.ਜੀ. ਚਲ ਰਹੇ ਹਨ ਅਤੇ ਅਫ਼ਸਰ ਕੇਸ ਦੀ ਸੁਣਵਾਈ ਤਕ ਹੀ ਸੀਮਤ ਹਨ। ਅਸਟੇਟ ਦਫ਼ਤਰ ਮੁਤਾਬਕ ਅੱਜ ਤਕ ਸਿਰਫ਼ ਇਕ ਹੀ ਪੀ.ਜੀ. ਨੂੰ ਪ੍ਰਸ਼ਾਸਨ ਵਲੋਂ ਇਜਾਜ਼ਤ ਦਿਤੀ ਗਈ ਹੈ।

ਹੋਰ ਕਿਸੇ ਵੀ ਵਿਅਕਤੀ ਨੇ ਅਪਲਾਈ ਹੀ ਨਹੀਂ ਕੀਤਾ ਹੈ। ਫ਼ਿਲਹਾਲ ਸ਼ਹਿਰ ਦੇ ਤਿੰਨੇ ਐਸ.ਡੀ.ਐਮ. ਕੋਰਟ ਵਿਚ 100 ਤੋਂ  ਜ਼ਿਆਦਾ ਪੀ.ਜੀ. ਸੰਚਾਲਕਾਂ ਵਿਰੁਧ ਕੇਸ ਚਲ ਰਹੇ ਹਨ। ਸੱਭ ਤੋਂ ਵੱਧ ਕੇਸ ਐਸ.ਡੀ.ਐਮ. ਸਾਊਥ ਦੀ ਅਦਾਲਤ ਵਿਚ ਹਨ। ਸ਼ਹਿਰ ਦੇ ਲੋਕਾਂ ਦੀ ਲਾਪਰਵਾਹੀ ਅਤੇ ਅਧਿਕਾਰੀਆਂ ਦੀ ਅਣਦੇਖੀ ਦਾ ਨਤੀਜਾ ਸ਼ਨਿਚਰਵਾਰ ਨੂੰ ਤਿੰਨ ਮੁਟਿਆਰਾਂ ਨੂੰ ਅਪਣੀ ਜਾਨ ਦੇ ਕੇ ਚੁਕਾਣਾ ਪਿਆ।

ਸੈਕਟਰ-32 ਵਿਚ ਜਿਸ ਪੀ.ਜੀ. ਵਿਚ ਲੜਕੀਆਂ ਰਹਿ ਰਹੀ ਸਨ, ਸੰਚਾਲਕ ਨੇ ਉਸ ਦੀ ਇਜਾਜ਼ਤ ਨਹੀਂ ਲਈ ਸੀ। ਸਮਾਂ ਰਹਿੰਦੇ ਅਧਿਕਾਰੀ ਜਾਂਦੇ ਤਾਂ ਇੰਨਾ ਵੱਡਾ ਹਾਦਸਾ ਨਾ ਹੁੰਦਾ। ਅਧਿਕਾਰੀਆਂ ਮੁਤਾਬਕ ਉਹ ਸਮੇਂ-ਸਮੇਂ 'ਤੇ ਚੈਕਿੰਗ ਅਭਿਆਨ ਚਲਾਉਂਦੇ ਹਨ। ਪਿਛਲੇ ਇਕ ਸਾਲ ਵਿਚ ਲਗਭਗ 100 ਤੋਂ ਜ਼ਿਆਦਾ ਪੀ.ਜੀ. ਸੰਚਾਲਕਾਂ ਵਿਰੁਧ ਨੋਟਿਸ ਜਾਰੀ ਕਰ ਕੇ ਐਸ.ਡੀ.ਐਮ. ਕੋਰਟ ਵਿਚ ਕੇਸ ਭੇਜ ਦਿਤਾ ਹੈ। ਹੋਰ ਲੋਕਾਂ ਵਿਰੁਧ ਵੀ ਜਾਂਚ ਚੱਲ ਰਹੀ ਹੈ।

ਦੋ ਪਰਵਾਰਾਂ ਤੋਂ ਵੱਧ ਰਹਿਣ 'ਤੇ ਹੁੰਦੀ ਹੈ ਕਮਰਸ਼ੀਅਲ ਵਰਤੋ: ਸਾਲ 2006 ਵਿਚ ਬਣਾਏ ਗਏ ਨਿਯਮਾਂ ਮੁਤਾਬਕ ਤਿੰਨ ਮੰਜ਼ਲਾਂ ਵਾਲੇ ਮਕਾਨ ਵਿਚ ਇਕ ਜਾਂ ਦੋ ਪਰਵਾਰਾਂ ਨੂੰ ਰਿਹਾਇਸ਼ੀ ਪ੍ਰਾਪਰਟੀ ਦੀ ਸ਼੍ਰੇਣੀ ਵਿਚ ਰਖਿਆ ਜਾਂਦਾ ਹੈ। ਉਸ ਤੋਂ ਵੱਧ ਗਿਣਤੀ ਵਿਚ ਜਿਥੇ ਲੋਕ ਰਹਿੰਦੇ ਹਨ ਤਾਂ ਉਹ ਲਾਜਿੰਗ ਰੂਮਿੰਗ ਹਾਊਸ ਜਾਂ ਡੋਰਮੈਟਰੀ ਦੀ ਸ਼੍ਰੇਣੀ ਵਿਚ ਰੱਖੇ ਜਾਂਦੇ ਹਨ। ਇਸ ਨੂੰ ਵਪਾਰਕ ਵਰਤੋਂ ਮੰਨਿਆ ਜਾਂਦਾ ਹੈ। ਇਸ ਲਈ ਮਕਾਨ ਮਾਲਕ ਨੂੰ ਪ੍ਰਸ਼ਾਸਨ ਤੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ। ਉਸ ਤੋਂ ਬਾਅਦ ਫ਼ਾਇਰ ਸੇਫ਼ਟੀ ਐਨ.ਓ.ਸੀ. ਲੈਣੀ ਹੁੰਦੀ ਹੈ।

ਪੀ.ਜੀ. ਦਾ ਮਾਲਕ ਦੋ ਦਿਨ ਦੇ ਰਿਮਾਂਡ 'ਤੇ : ਸੈਕਟਰ 32 ਵਿਚ ਸਨਿਚਰਵਾਰ ਨੂੰ ਲੜਕੀਆਂ ਦੇ ਪੀ.ਜੀ. ਵਿਚ ਲੱਗੀ ਭਿਆਨਕ ਅੱਗ ਵਿਚ ਝੁਲਸਣ ਕਾਰਨ ਤਿੰਨ ਲੜਕੀਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੀ.ਜੀ. ਮਾਲਕ ਨੀਤੇਸ਼ ਬਾਂਸਲ ਨੂੰ ਪੁਲਿਸ ਨੇ ਐਤਵਾਰ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਜਿਥੇ ਉਸ ਨੂੰ ਦੋ ਦਿਨ ਦੀ ਪੁਲਿਸ ਰਿਮਾਂਡ 'ਤੇ ਭੇਜ ਦਿਤਾ।

ਪੁਲਿਸ ਨੇ ਨੀਤੇਸ਼ ਬਾਂਸਲ ਵਿਰੁਧ ਸਾਲ 2019 ਵਿਚ ਗ਼ੈਰਕਾਨੂੰਨੀ ਪੀ.ਜੀ. ਚਲਾਉਣ ਦਾ ਮਾਮਲਾ ਦਰਜ ਕੀਤਾ ਸੀ, ਜਿਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿਚ ਉਸ ਨੂੰ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਸੀ। ਦੂਜੇ ਪਾਸੇ ਐਤਵਾਰ ਤਿੰਨੇ ਮ੍ਰਿਤਕ ਲੜਕੀਆਂ ਰੀਆ, ਪਕਸ਼ੀ ਅਤੇ ਮੁਸਕਾਨ ਦਾ ਪੋਸਟਮਾਰਟਮ ਕਰ ਕੇ ਉਨ੍ਹਾਂ ਦੀਆਂ ਲਾਸ਼ਾਂ ਵਾਰਸਾਂ ਹਵਾਲੇ ਕਰ ਦਿਤੀ ਗਈ ਹਨ।
 

ਚੰਡੀਗੜ੍ਹ ਵਿਚ ਇਹ ਹਨ ਪੀ.ਜੀ. ਚਲਾਉਣ ਦੇ ਨਿਯਮ
ਮਕਾਨ ਮਾਲਕ ਨੂੰ ਵੀ ਪੀ.ਜੀ. ਵਿਚ ਰਹਿਣ ਵਾਲੇ ਵਿਅਕਤੀ ਨਾਲ ਰਹਿਣਾ ਜਰੂਰੀ ਹੈ। ਨਾਲ ਹੀ ਸਾਫ਼ ਸਫਾਈ ਰੱਖੀ ਹੋਵੇਗੀ।
ਪੀ.ਜੀ. ਵਿਚ ਇਕ ਵਿਅਕਤੀ ਲਈ ਘੱਟ ਤੋਂ ਘੱਟ 50 ਵਰਗ ਫ਼ੁਟ ਦੀ ਜਗ੍ਹਾ ਹੋਣੀ ਜ਼ਰੂਰੀ ਹੈ।
ਪਬਲਿਕ ਹੈਲਥ ਵਿਭਾਗ ਦੇ ਨਿਯਮਾਂ ਮੁਤਾਬਕ ਪਖ਼ਾਨਾ ਵੀ ਲਾਜ਼ਮੀ ਹੈ। ਇਕ ਟਾਇਲਟ ਸਿਰਫ਼ ਪੰਜ ਲੋਕਾਂ ਲਈ ਹੀ ਹੋਣਾ ਚਾਹੀਦਾ ਹੈ।
ਪੀ.ਜੀ. ਲਈ ਅਸਟੇਟ ਦਫ਼ਤਰ ਤੋਂ ਰਜਿਸਟਰੇਸ਼ਨ ਜ਼ਰੂਰੀ ਹੈ। ਇਸ ਵਿਚ ਮਕਾਨ ਦੇ ਪੂਰੇ ਰਿਕਾਰਡ ਦੇ ਨਾਲ ਹੀ ਪੇਇੰਗ ਗੈਸਟ ਦੀ ਪੂਰੀ ਜਾਣਕਾਰੀ ਪੁਲਿਸ ਕੋਲ ਹੋਣੀ ਜ਼ਰੂਰੀ ਹੈ।

10 ਮਰਲੇ ਤੋਂ ਘੱਟ ਜਗ੍ਹਾ ਵਿਚ ਪੀ.ਜੀ. ਨਹੀ ਬਣਨਾ ਚਾਹੀਦਾ।
ਪੀ.ਜੀ. ਲਈ ਸਰਕਾਰ ਤੋਂ ਇਜਾਜ਼ਤ ਜ਼ਰੂਰੀ ਹੈ ਅਤੇ ਉਸ ਦੇ ਨਾਲ ਹੀ ਕੰਪਲੀਸ਼ਨ ਸਰਟੀਫ਼ੀਕੇਟ ਵੀ ਜ਼ਰੂਰੀ ਹੈ।
ਮਕਾਨ ਮਾਲਕ ਨੂੰ ਅਨੁਸ਼ਾਸਨ ਬਣਾਏ ਰਖਣਾ ਹੋਵੇਗਾ ਤਾਕਿ ਨੇੜੇ-ਤੇੜੇ ਦੇ ਲੋਕਾਂ ਨੂੰ ਸਮੱਸਿਆ ਨਾ ਹੋਵੇ।
ਪੀ.ਜੀ. ਅੰਦਰ ਰਹਿਣ ਵਾਲੇ ਲੋਕਾਂ ਦੀ ਲਿਸਟ ਵੀ ਲਗਾਉਣੀ ਹੋਵੇਗੀ ਤਾਂ ਕਿ ਐਮਰਜੈਂਸੀ ਵਿਚ ਜਾਣਕਾਰੀ ਹੋ ਸਕੇ।
ਪੀ.ਜੀ. ਵਿਚ ਰਹਿ ਰਹੇ ਕਰਮਚਾਰੀਆਂ ਦੀ ਜਾਣਕਾਰੀ ਵੀ ਪੁਲਿਸ ਵਿਚ ਹੋਣੀ ਚਾਹੀਦੀ ਹੈ।
ਪੀ.ਜੀ. ਵਿਚ ਰਹਿਣ ਵਾਲੇ ਲੋਕ ਵੀ ਮਕਾਨ ਵਿਚ ਹੋਣ ਵਾਲੀ ਸਮੱਸਿਆ ਲਈ ਜ਼ਿੰਮੇਦਾਰ ਹੋਣਗੇ।