ਚੰਡੀਗੜ੍ਹ ਤੋਂ ਗੋਆ ਜਾਣਾ ਹੋਇਆ ਅਸਾਨ, ਮਹਿਜ਼ ਤਿੰਨ ਘੰਟੇ ਦਾ ਹੀ ਰਹਿ ਗਿਐ ਸਫ਼ਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਰਚ ਮਹੀਨੇ ਤੋਂ ਪਟਨਾ ਲਈ ਵੀ ਸ਼ੁਰੂ ਹੋਵੇਗੀ ਸਿੱਧੀ ਫਲਾਈਟ

file photo

ਚੰਡੀਗੜ੍ਹ : ਸੁੰਦਰ ਸ਼ਹਿਰ ਚੰਡੀਗੜ੍ਹ ਘੁੰਮਣ-ਫਿਰਨ ਵਾਲਿਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਲੋਕ ਸੈਰ-ਸਪਾਟੇ ਦੇ ਮਕਸਦ ਨਾਲ ਆਉਂਦੇ ਹਨ। ਚੰਡੀਗੜ੍ਹ ਤੋਂ ਇਲਾਵਾ ਤੱਟਵਰਤੀ ਸ਼ਹਿਰ ਗੋਆ ਵੀ ਸੈਲਾਨੀਆਂ ਨੂੰ ਕਾਫ਼ੀ ਭਾਉਂਦਾ ਹੈ।

ਹੁਣ ਘੁੰਮਣ ਫਿਰਨ ਦੇ ਇਨ੍ਹਾਂ ਸ਼ੌਕੀਨਾਂ ਲਈ ਇਕ ਹੋਰ ਚੰਗੀ ਖ਼ਬਰ ਆਈ ਹੈ। ਦਰਅਸਲ ਹੁਣ ਚੰਡੀਗੜ੍ਹ ਤੋਂ ਗੋਆ ਜਾਣਾ ਹੋਰ ਵੀ ਅਸਾਨ ਹੋਣ ਵਾਲਾ ਹੈ। ਚੰਡੀਗੜ੍ਹ ਦੇ ਇੰਟਰਨੈਸ਼ਨਲ ਏਅਰਪੋਰਟ ਤੋਂ ਗੋਆ ਲਈ ਸਿੱਧੀ ਫ਼ਲਾਈਟ ਸ਼ੁਰੂ ਹੋਣ ਬਾਅਦ ਸੈਲਾਨੀ ਹੁਣ ਚੰਡੀਗੜ੍ਹ ਤੋਂ ਗੋਆ 'ਚ ਸਿਰਫ਼ ਤਿੰਨ ਘੰਟਿਆਂ 'ਚ ਹੀ ਪਹੁੰਚ ਜਾਇਆ ਕਰਨਗੇ।

ਇੰਡੀਗੋ ਵਲੋਂ ਏ-320 ਏਅਰਬਸ ਨੂੰ ਇਸ ਰੂਟ 'ਤੇ ਚਲਾਇਆ ਜਾ ਰਿਹਾ ਹੈ, ਜਿਸ 'ਚ 180 ਵਿਅਕਤੀ ਸਫ਼ਰ ਕਰ ਸਕਣਗੇ। ਇਹ ਫਲਾਈਟ ਰਾਤ 8:10 'ਤੇ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋ ਕੇ ਰਾਤ 11.25 'ਤੇ ਗੋਆ ਪਹੁੰਚੇਗੀ। ਇੰਡੀਗੋ ਦੇ ਮੈਨੇਜਰ ਮਨੀਸ਼ ਮੁਤਾਬਕ ਇਸ ਫਲਾਈਟ ਲਈ ਹੁਣ ਤਕ 150 ਤੋਂ ਵਧੇਰੇ ਸੀਟਾਂ ਬੁੱਕ ਹੋ ਚੁੱਕੀਆਂ ਹਨ।

ਇਸੇ ਤਰ੍ਹਾਂ ਆਉਂਦੀ 30 ਮਾਰਚ ਤੋਂ ਕੰਪਨੀ ਵਲੋਂ ਪਟਨਾ ਲਈ ਵੀ ਸਿੱਧੀ ਫਲਾਈਟ ਸ਼ੁਰੂ ਕਰਨ ਦੀ ਯੋਜਨਾ ਹੈ। ਕੰਪਨੀ ਇਸ ਰੂਟ 'ਤੇ ਦੋ ਫਲਾਈਟਾਂ ਸ਼ੁਰੂ ਕਰੇਗੀ। ਇਨ੍ਹਾਂ ਵਿਚੋਂ ਇਕ ਫਲਾਈਟ ਸਿੱਧਾ ਪਟਨਾ ਤੋਂ ਚੰਡੀਗੜ੍ਹ ਲਈ ਉਡਾਨ ਭਰਿਆ ਕਰੇਗੀ।

ਇਸੇ ਤਰ੍ਹਾਂ ਦੂਜੀ ਫਲਾਈਟ ਅਹਿਦਾਬਾਦ ਤੋਂ ਪਟਨਾ ਹੁੰਦੇ ਹੋਏ ਚੰਡੀਗੜ੍ਹ ਪਹੁੰਚੇਗੀ। ਕੰਪਨੀ ਵਲੋਂ ਇਹ ਫ਼ੈਸਲਾ ਯਾਤਰੀਆਂ ਦੀ ਮੰਗ ਤੇ ਸਹੂਲਤ ਨੂੰ ਧਿਆਨ ਵਿਚ ਰਖਦਿਆਂ ਲਿਆ ਗਿਆ ਹੈ।