ਰੂਸ-ਯੂਕਰੇਨ ਤਣਾਅ: CM ਚੰਨੀ ਨੇ ਪੰਜਾਬੀਆਂ ਦੀ ਵਾਪਸੀ ਲਈ PM ਮੋਦੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ।

CM Channi



ਚੰਡੀਗੜ੍ਹ: ਰੂਸ-ਯੂਕਰੇਨ ਵਿਚਾਲੇ ਛਿੜੀ ਜੰਗ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ। ਮੁੱਖ ਮੰਤਰੀ ਚੰਨੀ ਨੇ ਟਵੀਟ ਕਰਦਿਆਂ ਯੂਕਰੇਨ ਵਿਚ ਭਾਰਤੀਆਂ ਅਤੇ ਪੰਜਾਬੀਆਂ ਦੀ ਵਾਪਸੀ ਲਈ ਪ੍ਰਧਾਨ ਮੰਤਰੀ ਦੀ ਦਖਲ ਦੀ ਮੰਗ ਕੀਤੀ ਹੈ।

Tweet

ਉਹਨਾਂ ਲਿਖਿਆ, “ਰੂਸ-ਯੂਕਰੇਨ ਜੰਗ ਨੂੰ ਲੈ ਕੇ ਚਿੰਤਤ ਹਾਂ। ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਜੰਗ ਪ੍ਰਭਾਵਿਤ ਯੂਕਰੇਨ ਵਿਚ ਫਸੇ ਭਾਰਤੀਆਂ ਅਤੇ ਖਾਸ ਤੌਰ 'ਤੇ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਮਾਮਲੇ ’ਚ ਦਖਲ ਦੇਣ”।

Tweet

ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹੰਗਾਮੀ ਕਦਮ ਚੁੱਕਣ ਵਿਦੇਸ਼ ਮੰਤਰੀ- ਸੁਖਬੀਰ ਸਿੰਘ ਬਾਦਲ

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕੇਂਦਰੀ ਵਿਦੇਸ਼ ਮੰਤਰੀ ਨੂੰ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹੰਗਾਮੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ, “ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੂੰ ਬੇਨਤੀ ਹੈ ਕਿ ਉਹ ਯੂਕਰੇਨ ਵਿਚ ਫ਼ਸੇ ਭਾਰਤੀਆਂ, ਖ਼ਾਸ ਕਰਕੇ ਸੈਂਕੜਿਆਂ ਦੀ ਗਿਣਤੀ 'ਚ ਫ਼ਸੇ ਪੰਜਾਬੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਹੰਗਾਮੀ ਕਦਮ ਚੁੱਕਣ। ਹਵਾਈ ਯਾਤਰਾ ਦਾ ਪ੍ਰਬੰਧ ਕਰਕੇ ਸਾਰੇ ਭਾਰਤੀਆਂ ਨੂੰ ਤੁਰੰਤ ਭਾਰਤ ਲਿਆਉਣਾ ਚਾਹੀਦਾ ਹੈ”।

Russia-Ukraine crisis

ਜ਼ਿਕਰਯੋਗ ਹੈ ਕਿ ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ 'ਤੇ ਹਮਲਾ ਕਰ ਦਿੱਤਾ। ਯੂਕਰੇਨ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਦੀ ਗਿਣਤੀ ਕਰੀਬ 20,000 ਹੈ। ਇਹਨਾਂ ਵਿਚੋਂ ਲਗਭਗ 18,000 ਵਿਦਿਆਰਥੀ ਯੂਕਰੇਨ ’ਚ ਪੜ੍ਹਾਈ ਕਰ ਰਹੇ ਹਨ। ਯੂਕਰੇਨ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਵਿਚੋਂ 24% ਵਿਦਿਆਰਥੀ ਭਾਰਤੀ ਹਨ। ਰੂਸ ਅਤੇ ਯੂਕਰੇਨ ਵਿਚਾਲੇ ਜਾਰੀ ਤਣਾਅ ਦੇ ਚਲਦਿਆਂ ਭਾਰਤੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਚਿੰਤਤ ਹਨ।