'Invest Punjab Summit' : ਪੰਜਾਬ ਹੁਣ ਸਿਰਫ਼ ਖੇਤੀਬਾੜੀ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਉਦਯੋਗਾਂ ਦਾ ਵੀ ਘਰ ਹੈ : ਮੁੱਖ ਮੰਤਰੀ ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਆਉਣ ਵਾਲੇ ਸਮੇਂ ਵਿੱਚ ਹਰ ਤਿਮਾਹੀ ਕਰਵਾਏ ਜਾਣਗੇ ਉਦਯੋਗ ਲਈ ਸੈਕਟਰਲ ਸੰਮੇਲਨ

Invest Punjab Summit


ਮੁੱਖ ਮੰਤਰੀ ਨੇ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਦੇ DCs ਨੂੰ ਕੀਤਾ ਸਨਮਾਨਿਤ
ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਹਟਾ ਕੇ ਰੁਜ਼ਗਾਰ 'ਤੇ ਲਗਾਵਾਂਗੇ : ਮੁੱਖ ਮੰਤਰੀ 

ਮੋਹਾਲੀ (ਕੋਮਲਜੀਤ ਕੌਰ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 'ਇਨਵੈਸਟ ਪੰਜਾਬ ਸਮਿਟ' ਕਰਵਾਇਆ ਜਾ ਰਿਹਾ ਹੈ ਜੋ ਵੀਰਵਾਰ ਤੋਂ ਸ਼ੁਰੂ ਹੋਇਆ ਅਤੇ ਅੱਜ ਉਸ ਦਾ ਦੂਜਾ ਅਤੇ ਆਖਰੀ ਦਿਨ ਹੈ। 5ਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ 2023 ਦੇ ਸਮਾਪਤੀ ਸੈਸ਼ਨ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਵੰਤਿਆਂ ਅਤੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ। ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਦਿਲਚਸਪੀ ਰੱਖਣ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਮਾਲਕਾਂ, ਆਪਰੇਟਰਾਂ ਅਤੇ ਠੇਕੇਦਾਰਾਂ ਨਾਲ ਵਨ-ਟੂ-ਵਨ ਮੀਟਿੰਗ ਕੀਤੀ। 

ਮੁੱਖ ਮੰਤਰੀ ਮਾਨ ਨੇ ਸਨਅਤਕਾਰਾਂ ਦਾ ਸਨਮਾਨ ਵੀ ਕੀਤਾ। ਇਸ ਦੇ ਨਾਲ ਹੀ ਪੰਜਾਬ ਦੇ ਵਧੀਆ ਕਾਰਗੁਜ਼ਾਰੀ ਵਾਲੇ ਜ਼ਿਲ੍ਹਿਆਂ ਦੇ ਡੀ.ਸੀਜ਼ ਨੂੰ ਵੀ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੰਬੂਜਾ ਸੀਮੈਂਟ ਲਿਮਿਟੇਡ, ਫਲਿੱਪਕਾਰਟ ਇੰਡੀਆ ਪ੍ਰਾਈਵੇਟ ਲਿਮਿਟੇਡ ਕਾਰਪੋਰੇਟ ਸੈਕਟਰ ਸਰਵਿਸਿਜ਼, MSME ਮਾਈਕਰੋ ਯੂਨਿਟ, ਕੌਂਸਲ ਇੰਜੀਨੀਅਰਿੰਗ MSME ਮੱਧਮ ਯੂਨਿਟ ਅਤੇ ਨੇਸਲੇ ਇੰਡੀਆ ਲਿ. ਸਮੇਤ ਹੋਰ ਕੰਪਨੀਆਂ ਅਤੇ ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ।

ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਕੋਈ ਇਮਾਰਤ ਬਣਾਉਂਦੇ ਸਮੇਂ ਉਸ ਦੀ ਨੀਂਹ ਮਜ਼ਬੂਤ ਬਣਾਉਂਦੇ ਹਾਂ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਜਿਸ ਇੱਟਾਂ ਦੀ ਨੀਂਹ 'ਤੇ ਪੂਰੀ ਇਮਾਰਤ ਖੜ੍ਹੀ ਹੁੰਦੀ ਹੈ ਉਹ ਕਦੇ ਨਜ਼ਰ ਨਹੀਂ ਆਉਂਦੀ ਇਸੇ ਤਰ੍ਹਾਂ ਹੀ ਐਮ.ਐਸ.ਐਮ.ਈ. ਹੁੰਦੇ ਹਨ ਜੋ ਪਰਦੇ ਦੇ ਪਿੱਛੇ ਰਹਿ ਕੇ ਸਾਰੇ ਕੰਮਕਾਜ ਸੰਭਾਲਦੇ ਹਨ। ਅਸੀਂ ਅਜਿਹੇ ਉੱਦਮੀਆਂ ਦਾ ਵੀ ਮਾਣ-ਸਨਮਾਣ ਦੇ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਉਦਯੋਗ ਨੂੰ ਹੁਲਾਰਾ ਦੇਣ 'ਚ ਦਿਲਚਸਪ ਹਸਤੀਆਂ ਜਿਵੇਂ ਅਮਿਤ ਥਾਪਰ, ਸਚਿਨ ਜੈਨ, ਰਜਿੰਦਰ ਗੁਪਤਾ, ਵਿਕਰਮਜੀਤ ਸਿੰਘ ਸਾਹਨੀ, ਹਰਦੀਪ ਰਾਏ ਆਦਿ ਨਾਲ ਗਲਬਾਤ ਕੀਤੀ ਹੈ। ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ ਹਰਦੀਪ ਰਾਏ ਇੰਗਲੈਂਡ ਵਿਚ ਪੈਦਾ ਹੋਏ ਹਨ ਕਿਉਂਕਿ ਉਨ੍ਹਾਂ ਦਾ ਪਰਿਵਾਰ 1960 ਦੇ ਦਹਾਕੇ ਵਿਚ ਲੰਡਨ ਚਲਾ ਗਿਆ ਸੀ ਪਰ ਉਹ ਅਜੇ ਵੀ ਕੰਮ ਇਥੇ ਪੰਜਾਬ ਵਿਚ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਸਮਿਟ MoU ਦਾ ਨਹੀਂ ਹੈ ਸਗੋਂ ਇਸ ਦਾ ਨਾਮ MODS ਹੋਣਾ ਚਾਹੀਦਾ ਹੈ ਯਾਨੀ 'ਮੈਮੋਰੰਡਮ ਆਫ਼ ਦਿਲ ਸੇ'। 

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਪੰਜਾਬ ਵਿਚ ਇੰਡਸਟਰੀ ਲਗਾਉਣ ਜਾਂ ਕੰਮ ਕਰਨ ਲਈ ਮਜਬੂਰ ਨਹੀਂ ਕਰ ਰਹੇ ਸਗੋਂ ਇਹ ਆਪਣੀ ਮਰਜ਼ੀ ਅਤੇ ਸਹੂਲਤ ਅਨੁਸਾਰ ਇਥੇ ਕੰਮ ਕਰਨ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੋਸਤੀ ਲਈ ਮਸ਼ਹੂਰ ਹਨ, ਜਦੋਂ ਤੁਸੀਂ ਇਥੇ ਇੱਕ ਵਾਰ ਕੰਮ ਕਰਨ ਦਾ ਇਰਾਦਾ ਕਰ ਲਿਆ ਹੈ ਤਾਂ ਉਮੀਦ ਹੈ ਕਿ ਹੁਣ ਵਾਰ-ਵਾਰ ਆਂਉਂਦੇ ਰਹੋਗੇ। 

ਇਹ ਵੀ ਪੜ੍ਹੋ : ਵਿਜੀਲੈਂਸ ਵਲੋਂ ਗ੍ਰਿਫਤਾਰ ਰਸ਼ਿਮ ਗਰਗ ਨੂੰ ਅਦਾਲਤ ਵਿਚ ਕੀਤਾ ਪੇਸ਼

ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਹੁਣ ਸਿਰਫ਼ ਖੇਤੀਬਾੜੀ ਵਿਚ ਹੀ ਨਹੀਂ ਸਗੋਂ ਕਈ ਤਰ੍ਹਾਂ ਦੇ ਉਦਯੋਗਾਂ ਦਾ ਵੀ ਘਰ ਹੈ ਜਿਵੇਂ ਕਿ ਆਈਟੀ ਕੰਪਨੀਆਂ, ਕੱਪੜਾ ਵਪਾਰ ਅਤੇ ਦਵਾਈਆਂ ਆਦਿ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣ ਵਾਲੇ ਸਮੇਂ ਵਿੱਚ ਹਰ ਤਿਮਾਹੀ ਵਿੱਚ ਉਦਯੋਗ ਲਈ ਸੈਕਟਰਲ ਸੰਮੇਲਨ ਕਰਵਾਉਣ ਬਾਰੇ ਗੱਲ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਪ੍ਰੋਗਰਾਮ ਕਰ ਕੇ ਕੰਮ ਦੌਰਾਨ ਆਉਣ ਵਾਲਿਆਂ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਰਚਾ ਕੀਤੀ ਜਾਵੇਗੀ।

ਪੰਜਾਬ ਦੀ ਨੌਜਵਾਨੀ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਅਤੇ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਨਸ਼ੇ ਤੋਂ ਹਟਾ ਕੇ ਰੁਜ਼ਗਾਰ ਦੇਣ ਦੀ ਗੱਲ ਕੀਤੀ ਸੀ। ਪੰਜਾਬ ਵਿਚ ਉਦਯੋਗ ਆਉਣ ਨਾਲ ਨੌਜਵਾਨੀਂ ਨੂੰ ਰੁਜ਼ਗਾਰ ਮਿਲੇਗਾ ਅਤੇ ਕੰਮ ਵਿਚ ਰੁੱਝ ਕੇ ਉਹ ਨਸ਼ੇ ਵਰਗੇ ਵਿਹਲੇ ਕੰਮਾਂ ਤੋਂ ਨਿਜਾਤ ਹਾਸਲ ਕਰਨਗੇ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਟਰਾਈਡੈਂਟ, ਨਾਹਰ, ਵਰਧਮਾਨ, ਸ਼ਿੰਗੋਰਾ, ਸਪੋਰਟਕਿੰਗ, ਨਿਵਿਆ, ਸਾਵੀ, ਅਵਨੀ ਟੈਕਸਟਾਈਲਜ਼, ਜੇਸੀਟੀ ਮਿੱਲਜ਼, ਅਤੇ ਇੰਡੀਅਨ ਐਕਰੀਲਿਕਸ ਸਮੇਤ ਪ੍ਰਮੁੱਖ ਟੈਕਸਟਾਈਲ ਦਿੱਗਜ਼ ਹਨ ਅਤੇ ਹਾਲ ਹੀ ਵਿੱਚ ਸਨਾਥਨ ਟੈਕਸਟਾਈਲ ਨੇ ਸੂਬੇ ਵਿੱਚ 1600 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਨੇ ਜ਼ਾਰਾ, ਐਚ ਐਂਡ ਐਮ ਤੋਂ ਲੈ ਕੇ ਜੇਸੀ ਪੈਨੀ ਵਰਗੇ ਅੰਤਰਰਾਸ਼ਟਰੀ ਬ੍ਰਾਂਡਾਂ ਲਈ ਕੱਪੜੇ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੀਆਂ ਜਾ ਰਹੀਆਂ ਨੈੱਟ ਬਾਲਾਂ ਤਿਆਰ ਕਰ ਕੇ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ।

ਪੰਜਾਬ ਵਿੱਚ ਸਥਾਪਤ ਕੀਤਾ ਜਾਵੇਗਾ ਇਲੈਕਟ੍ਰਿਕ ਵਾਹਨ ਯੂਨਿਟ : MP ਵਿਕਰਮਜੀਤ ਸਿੰਘ ਸਾਹਨੀ
ਕਿਹਾ, ਘੱਟ ਤੋਂ ਘੱਟ 50 ਹਜ਼ਾਰ ਲੜਕੇ-ਲੜਕੀਆਂ ਨੂੰ ਨੌਕਰੀਆਂ ਦੇਣ ਦਾ ਟੀਚਾ 
ਮੈਂ ਮੁੱਖ ਮੰਤਰੀ ਭਗਵੰਤ ਮਾਨ ਵਰਗਾ ਕੋਈ ਮੁੱਖ ਮੰਤਰੀ ਨਹੀਂ ਦੇਖਿਆ ਜੋ ਘੰਟਿਆਂ ਬੱਧੀ ਲੰਮੀਆਂ ਮੀਟਿੰਗਾਂ ਵਿਚ ਕੰਮ ਕਰਦੇ ਹਨ। ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਮੁੱਖ ਮੰਤਰੀ ਵਲੋਂ ਸੀਐਲਯੂ ਨੂੰ ਹਟਾਉਣ ਵਾਲੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਜਿਹੜੀ ਕੈਚਅੱਪ ਬਣਾਉਣ ਲਈ ਟਮਾਟਰ ਬਾਹਰਲੇ ਮੁਲਕਾਂ ਤੋਂ ਆਯਾਤ ਕੀਤਾ ਜਾਂਦਾ ਸੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਦਰਸ਼ਤਾ ਸਦਕਾ ਹੁਣ ਪੰਜਾਬ ਵਿਚ ਹੀ ਉਗਾਇਆ ਜਾ ਰਿਹਾ ਹੈ ਅਤੇ ਕੰਪਨੀ ਨੂੰ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਯੂਨਿਟ ਸਥਾਪਤ ਕੀਤਾ ਜਾਵੇਗਾ। ਸਰਕਾਰ ਮੁਤਾਬਕ ਅਗਲੇ ਦੋ ਮਹੀਨਿਆਂ ਵਿੱਚ ਇਸ ਯੂਨਿਟ ਨੂੰ ਸਥਾਪਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਲੁਧਿਆਣਾ ਦੇ ਗਿੱਲ ਰੋਡ ’ਤੇ 25 ਏਕੜ ’ਚ ਯੂਨਿਟ ਸਥਾਪਤ ਕਰਨ ਦੀ ਗੱਲ ਕਹੀ ਗਈ। ਵਿਸਾਖੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਉਦਘਾਟਨ ਕਰਨਗੇ। ਘੱਟ ਤੋਂ ਘੱਟ 50 ਹਜ਼ਾਰ ਲੜਕੇ-ਲੜਕੀਆਂ ਨੂੰ ਨੌਕਰੀਆਂ ਦੇਣ ਦਾ ਟੀਚਾ ਮਿਥਿਆ ਗਿਆ ਹੈ।

ਸੰਸਦ ਮੈਂਬਰ ਸਾਹਨੀ ਨੇ ਕਿਹਾ ਕਿ ਵੱਡੇ-ਵੱਡੇ ਉਦਯੋਗਪਤੀਆਂ ਵਲੋਂ ਪੰਜਾਬ ਵਿਚ ਨਿਵੇਸ਼ ਕਰਨ ਦਾ ਮਨ ਬਣਾ ਲਿਆ ਗਿਆ ਹੈ ਅਤੇ ਇਹ ਪੰਜਾਬ ਲਈ ਇੱਕ ਨਵੀਂ ਸਵੇਰ ਦਾ ਆਗਾਜ਼ ਹੈ।

ਪੰਜਾਬ ਇੱਕ ਵੱਖਰੀ ਮਿਸਾਲ ਕਾਇਮ ਕਰ ਕੇ ਬੁਲੰਦੀਆਂ ਨੂੰ ਛੂਹੇਗਾ : ਅਨਮੋਲ ਗਗਨ ਮਾਨ 
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਰਕਾਰ ਦੀ ਸਖ਼ਤ ਮਿਹਨਤ ਲਈ ਵਧਾਈ ਦਿੱਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬ ਇੱਕ ਵੱਖਰੀ ਮਿਸਾਲ ਕਾਇਮ ਕਰ ਕੇ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਜਿੰਨੀਆਂ ਮੀਟਿੰਗਾਂ ਹੋਈਆਂ ਹਨ, ਉਨੀਆਂ ਪਿਛਲੇ 5 ਸਾਲਾਂ ਵਿੱਚ ਨਹੀਂ ਹੋਈਆਂ। ਉਦਯੋਗਪਤੀਆਂ ਨਾਲ ਵਨ-ਟੂ-ਵਨ ਮੀਟਿੰਗਾਂ ਕੀਤੀਆਂ ਗਈਆਂ ਹਨ। ਪੰਜਾਬ ਦੀ ਇੰਡਸਟਰੀ ਲਈ ਸਰਕਾਰ ਵੱਲੋਂ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ। ਅਨਮੋਲ ਗਗਨ ਮਾਨ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਨੀਤੀਆਂ ਦਾ ਉਦਯੋਗਪਤੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਪੰਜਾਬ ਦੇ ਮਹਾਨ ਵਿਰਸੇ ਨੂੰ ਅੱਗੇ ਲਿਜਾਣ ਅਤੇ ਉਸਾਰੂ ਪਾਸੇ ਵੱਲ ਧਿਆਨ ਦੇਣ ਦੀ ਗੱਲ ਕੀਤੀ।

ਪੰਜਾਬ ਵਿੱਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ ਲਈ ਢੁਕਵਾਂ ਮਾਹੌਲ ਮੌਜੂਦ : ਮੀਤ ਹੇਅਰ
ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਰੇ ਨਿਵੇਸ਼ਕਾਂ ਦਾ ਪੰਜਾਬ ਵਿੱਚ ਸਵਾਗਤ ਕੀਤਾ ਅਤੇ ਕਿਹਾ ਕਿ ਸੂਬੇ ਵਿੱਚ ਆਈ.ਟੀ. ਅਤੇ ਸਟਾਰਟਅੱਪ ਸੈਕਟਰ ਦੀ ਪ੍ਰਗਤੀ ਲਈ ਢੁਕਵਾਂ ਮਾਹੌਲ ਉਪਲੱਬਧ ਹੈ।

ਉਨ੍ਹਾਂ ਕਿਹਾ ਕਿ ਪੰਜਾਬੀ ਜਨਮ ਤੋਂ ਹੀ ਉੱਦਮੀ ਹਨ ਅਤੇ ਉਹ ਸਖ਼ਤ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹਨ। ਪੰਜਾਬੀ ਉੱਦਮੀ ਕੁੱਲ ਦੁਨੀਆ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਹੁਣ ਬਹੁਤ ਮੌਕੇ ਸਿਰਜੇ ਜਾ ਰਹੇ ਹਨ।

ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਮੇਂ ਲਗਭਗ 35,000 ਆਈ.ਟੀ. ਪੇਸ਼ੇਵਰਾਂ ਵਾਲੀਆਂ 150 ਤੋਂ ਵੱਧ ਰਜਿਸਟਰਡ ਆਈ.ਟੀ. ਇਕਾਈਆਂ ਕਾਰਜਸ਼ੀਲ ਹਨ। ਅੱਜ ਦੇ ਸਮਾਗਮ ਦੀ ਮੇਜ਼ਬਾਨੀ ਕਰਨ ਵਾਲਾ ਮੁਹਾਲੀ ਸ਼ਹਿਰ ਤੇਜ਼ੀ ਨਾਲ ਆਈ.ਟੀ. ਹੱਬ ਵਜੋਂ ਵਿਕਸਤ ਹੋ ਰਿਹਾ ਹੈ। ਇਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਇੱਕ ਮਹੱਤਵਪੂਰਨ ਸਥਾਨ ‘ਤੇ ਸਥਿਤ ਹੈ। ਲਗਭਗ 1700 ਏਕੜ ਦੇ ਫੈਲੇ ਪ੍ਰਾਜੈਕਟਾਂ ਅਤੇ ਸੰਚਾਲਨ ਦੇ ਵੱਖ-ਵੱਖ ਪੜਾਵਾਂ ਅਧੀਨ 60 ਤੋਂ ਵੱਧ ਆਈਟੀ ਕੰਪਨੀਆਂ ਨਾਲ ਇਹ ਆਈ.ਟੀ. ਸਿਟੀ ਵੱਖ-ਵੱਖ ਬੇਮਿਸਾਲ ਮੌਕੇ ਪ੍ਰਦਾਨ ਕਰਦੀ ਹੈ।

ਨਿਵੇਸ਼ ਲਈ ਤੁਸੀਂ ਇਰਾਦਾ ਬਣਾਓ, ਪੰਜਾਬ ਸਰਕਾਰ ਸਹਿਯੋਗ ਲਈ ਤਿਆਰ : ਅਮਨ ਅਰੋੜਾ 
ਕਿਹਾ, ਇਸ ਸੰਮੇਲਨ ਨਾਲ ਸੂਬੇ ਵਿਚ ਨਿਵੇਸ਼ ਨੂੰ ਨਮਿਲੇਗਾ ਵੱਡਾ ਹੁਲਾਰਾ 
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਦੇਸ਼ ਭਰ ਦੇ ਟੈਕਸਟਾਈਲ ਅਤੇ ਐਪਰਲ ਉਤਪਾਦਨ ਵਿੱਚ ਮੋਹਰੀ ਸੂਬਾ ਬਣਨ ਦੀ ਅਥਾਹ ਸੰਭਾਵਨਾਵਾਂ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਦਯੋਗਾਂ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਨੇ ਉਦਯੋਗਪਤੀਆਂ ਨੂੰ ਪ੍ਰਸਨਲਾਈਜ਼ਡ ਟਾਸਕ ਫੋਰਸ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਹੈ। 

ਉਨ੍ਹਾਂ ਭਰੋਸਾ ਦਿੱਤਾ ਕਿ ਉਦਯੋਗਾਂ ਦੀ ਮੰਗ ਅਨੁਸਾਰ ਪਾਣੀ ਦੇ ਖਰਚੇ ਵੀ ਘਟਾਏ ਜਾਣਗੇ। ਸਨਅਤਕਾਰਾਂ ਨੂੰ ਅਪੀਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਉਹ ਸੂਬੇ ਵਿੱਚ ਉਦਯੋਗਿਕ ਕ੍ਰਾਂਤੀ ਲਈ ਆਪਣੇ ਵਿਚਾਰ ਪੇਸ਼ ਕਰਨ ਅਤੇ ਮਾਨ ਸਰਕਾਰ ਇਨ੍ਹਾਂ ਵਿਚਾਰਾਂ ਦਾ ਸਵਾਗਤ ਕਰੇਗੀ। ਪੰਜਾਬ ਦੇ ਤਿੰਨ ਜ਼ਿਲ੍ਹੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਟੈਕਸਟਾਈਲ ਅਤੇ ਐਪਰਲ ਉਦਯੋਗ ਲਈ ਪ੍ਰਸਿੱਧ ਹਨ। ਉਨ੍ਹਾਂ ਦੱਸਿਆ ਕਿ ਸੂਬੇ  ਵਿੱਚ ਟੈਕਸਟਾਈਲ ਅਤੇ ਐਪਰਲ ਦੀਆਂ 1,200 ਯੂਨਿਟਾਂ ਹਨ, ਜਿਹਨਾਂ ਵਿੱਚ 1.2 ਲੱਖ ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ 'ਤੇ ਰੁਜ਼ਗਾਰ ਮਿਲਿਆ ਹੋਇਆ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਸੰਮੇਲਨ ਸੂਬੇ ਵਿੱਚ ਨਿਵੇਸ਼ ਨੂੰ ਵੱਡਾ ਹੁਲਾਰਾ ਦੇਵੇਗਾ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਨਵੀਆਂ ਲੀਹਾਂ 'ਤੇ ਲਿਜਾਣ ਵਿੱਚ ਮਦਦ ਮਿਲੇਗੀ। ਪੰਜਾਬ ਸਰਕਾਰ ਦੇ ਪਾਰਦਰਸ਼ੀ ਅਤੇ ਇਮਾਨਦਾਰ ਸ਼ਾਸਨ ਦੇ ਮਾਡਲ ਕਾਰਨ ਪੰਜਾਬ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉਭਰਿਆ ਹੈ।

ਪੰਜਾਬ ਸਰਕਾਰ ਦੀਆਂ ਨੀਤੀਆਂ ਸਦਕਾ ਅਗਲੇ 1 ਸਾਲ ਤੱਕ 3 ਹਜ਼ਾਰ ਤੋਂ ਵੱਧ ਨੌਕਰੀਆਂ ਪੂਰਾ ਕਰਨ ਦਾ ਟੀਚਾ : ਰਜਿੰਦਰ ਗੁਪਤਾ (ਚੇਅਰਮੈਨ ਟਰਾਈਡੈਂਟ ਗਰੁੱਪ)
ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਮੇਰਾ ਬਚਪਨ ਅਤੇ ਜਵਾਨੀ ਪੰਜਾਬ ਦੇ ਉਦਯੋਗ ਖਾਸ ਕਰ ਮਾਲਵਾ ਨਾਲ ਜੁੜੀ ਰਹੀ ਹੈ। ਸ਼ੁਰੂਆਤ ਤੋਂ ਹੁਣ ਤੱਕ ਜੋ ਵੀ ਸੋਚ, ਸਾਂਝ ਅਤੇ ਸਮਰਥਨ ਪੰਜਾਬ ਸਰਕਾਰ ਵਲੋਂ ਮਿਲਿਆ ਹੈ ਉਸ ਲਈ ਟਰਾਈਡੈਂਟ ਗਰੁੱਪ ਦਾ ਹਰ ਮੈਂਬਰ ਉਨ੍ਹਾਂ ਦਾ ਰਿਣੀ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਇਲਾਕੇ ਤੋਂ ਘੱਟ ਤੋਂ ਘੱਟ 60 ਦੇਸ਼ਾਂ ਨੂੰ 50 ਪ੍ਰੋਡਕਟਸ ਭੇਜੇ ਜਾ ਰਹੇ ਹਨ ਅਤੇ ਇਹ ਦਰਾਮਦ ਪਿਛਲੇ ਕਰੀਬ 20 ਸਾਲ ਤੋਂ ਜਾਰੀ ਹੈ।
ਰਜਿੰਦਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨਵੀਆਂ ਨੀਤੀਆਂ ਸਦਕਾ ਟਰਾਈਡੈਂਟ ਵਲੋਂ ਅਗਲੇ 12 ਮਹੀਨਿਆਂ ਵਿਚ ਡੇਢ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਅਤੇ ਤਿੰਨ ਹਜ਼ਾਰ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੂਰੇ ਕਰਨ ਦਾ ਟੀਚਾ ਹੈ।

ਇਹ ਵੀ ਪੜ੍ਹੋ : ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਢਾਂਚੇ 'ਤੇ ਮੁੜ ਵਿਚਾਰ ਕਰਨ ਦੀ ਲੋੜ : ਲਿਜ਼ ਟਰੱਸ

ਹਰਦੀਪ ਸਿੰਘ ਰਾਏ ਨੇ ਸਮਾਪਤੀ ਸੈਸ਼ਨ ਵਿੱਚ ਬੋਲਦੇ ਹੋਏ ਸੰਮੇਲਨ ਦੇ ਦੋ ਦਿਨਾਂ ਦੌਰਾਨ ਹੋਏ ਸੈਸ਼ਨਾਂ ਅਤੇ ਗਿਆਨ ਦੀ ਸਾਂਝ ਦੀ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਦੀ ਮੌਕਿਆਂ ਦੀ ਧਰਤੀ ਵਜੋਂ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਮੇਰਾ ਜਨਮ ਭਾਵੇਂ ਪੰਜਾਬ ਵਿਚ ਨਹੀਂ ਹੋਇਆ ਪਰ ਪੰਜਾਬ ਵਿਚ ਆ ਕੇ ਅਤੇ ਇਥੇ ਪੰਜਾਬੀਆਂ ਲਈ ਕੰਮ ਕਰ ਕੇ ਬਹੁਤ ਖੁਸ਼ੀ ਹੁੰਦੀ ਹੈ। ਉਨ੍ਹਾਂ ਪੰਜਾਬ ਦੀ ਨੌਜਵਾਨੀ ਨੂੰ ਵੀ ਅਪੀਲ ਕੀਤੀ ਕਿ ਵਿਦੇਸ਼ਾਂ ਵਿਚ ਜਾਣ ਦੀ ਹੋੜ ਤੋਂ ਹਟ ਕੇ ਪੰਜਾਬ ਵਿਚ ਕੰਮ ਕਰੋ ਅਤੇ ਆਪਣਾ ਭਵਿੱਖ ਸੁਧਾਰੋ। - ਹਰਦੀਪ ਸਿੰਘ ਰਾਏ  (ਥਿੰਕ ਗੈਸ ਦੇ ਫਾਊਂਡਰ ਅਤੇ CEO)

5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਸਮਾਪਤੀ ਸੈਸ਼ਨ ਵਿੱਚ ਬੋਲਦੇ ਹੋਏ  ਸਚਿਤ ਜੈਨ, ਵਾਈਸ ਚੇਅਰਮੈਨ ਅਤੇ ਐੱਮਡੀ ਵਰਧਮਾਨ ਸਪੈਸ਼ਲ ਸਟੀਲਜ਼ ਨੇ ਭਾਰਤ ਵਿੱਚ ਸਭ ਤੋਂ ਵਧੀਆ ਹੋਣ ਵਾਲੇ ਪੰਜਾਬ ਦੇ ਕਾਰਜ ਸੱਭਿਆਚਾਰ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਆਲਮੀ ਪੱਧਰ 'ਤੇ Toyota ਲਈ ਨਿਰਯਾਤ ਸ਼ੁਰੂ ਕੀਤਾ ਹੈ ਅਤੇ ਇਹ ਸ਼ੁਰੂਆਤ ਪਿਛਲੇ ਮਹੀਨੇ ਪੰਜਾਬ ਦੇ ਲੁਧਿਆਣਾ ਤੋਂ ਹੋਈ ਹੈ। ਜੈਨ ਨੇ ਦੱਸਿਆ ਕਿ ਅਸੀਂ ਮਲੇਰਕੋਟਲਾ ਯੂਨਿਟ ਵਿਚ ਤਿੰਨ ਸੋ ਕਰੋੜ ਰੁਪਏ ਹੋਰ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। - ਸਚਿਤ ਜੈਨ (ਵਾਈਸ ਚੇਅਰਮੈਨ ਅਤੇ ਐੱਮਡੀ ਵਰਧਮਾਨ ਸਪੈਸ਼ਲ ਸਟੀਲਜ਼)