ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਇਆ, ਉਹ ਖ਼ੁਦ ਸਾਡੀ ਢਾਲ ਹਨ : ਅੰਮ੍ਰਿਤਪਾਲ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਇਸ ਸਬੰਧੀ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਹਨ। ਜਿਨ੍ਹਾਂ ਦਾ ਅੰਮ੍ਰਿਤਪਾਲ ਨੇ ਮੀਡੀਆਂ ਸਾਹਮਣੇ ਜਵਾਬ ਦਿੱਤਾ

PHOTO

 

ਅਜਨਾਲਾ : ਬੀਤੇ ਦਿਨ ਅੰਮ੍ਰਿਤਪਾਲ ਸਿੰਘ ਆਪਣੇ ਸਾਥੀ ਤੂਫਾਨ ਦੀ ਰਿਹਾਈ ਲਈ ਆਪਣੇ ਸਮਰਥਕਾਂ ਸਮੇਤ ਥਾਣੇ ਪਹੁੰਚਿਆ ਸੀ, ਇਸੀ ਦੌਰਾਨ ਸਮਰਥਕਾਂ ਤੇ ਪੁਲਿਸ ਵਿਚਾਲੇ ਝੜਪ ਹੋਈ ਸੀ। ਝੜਪ ਦੌਰਾਨ 6 ਪੁਲਿਸ ਮੁਲਾਜ਼ਮ ਜ਼ਖ਼ਮੀਂ ਹੋਏ ਸਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਥਾਣੇ ਪਹੁੰਚਿਆ ਸੀ। ਇਸ ਸਬੰਧੀ ਵਿਰੋਧੀਆਂ ਨੇ ਸਵਾਲ ਵੀ ਚੁੱਕੇ ਹਨ। ਜਿਨ੍ਹਾਂ ਦਾ ਅੰਮ੍ਰਿਤਪਾਲ ਨੇ ਮੀਡੀਆਂ ਸਾਹਮਣੇ ਜਵਾਬ ਦਿੱਤਾ।

ਬੇਅਦਬੀ ਦੇ ਦੋਸ਼ੀਆਂ ਦੀ ਸੋਧ ਕਰਨ- ਅੰਮ੍ਰਿਤਪਾਲ ਸਿੰਘ

ਲਵਪ੍ਰੀਤ ਤੂਫਾਨ ਦੀ ਰਿਹਾਈ ’ਤੇ ਬੋਲਦਿਆਂ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅਸੀਂ ਤੂਫਾਨ ਨੂੰ ਜੇਲ੍ਹ ਤੋਂ ਸਿੱਧੇ ਦਰਬਾਰ ਸਾਹਿਬ ਲੈ ਕੇ ਜਾਵਾਂਗੇ। ਕਿਹਾ ਕਿ ਇਹ ਪੰਥ ਦੀ ਜਿੱਤ ਹੈ। ਪੱਤਰਕਾਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਪੁੱਛੇ ਸਵਾਲ ਤੇ ਅੰਮ੍ਰਿਤਪਾਲ ਨੇ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਹੈ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸੋਧ ਕਰਨ, ਬੇਅਦਬੀ ਦੇ ਦੋਸ਼ੀਆਂ ਨੂੰ ਪਾਗਲ ਨਾ ਕਿਹਾ ਕਰਨ ਇਸ ਦੇ ਨਾਲ ਹੀ ਬਹਿਬਲਕਲਾਂ ’ਚ ਗੋਲੀ ਵੀ ਨਾ ਚੱਲਦੀ।
 ਬੀਤੇ ਦਿਨ ਥਾਣੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਜਾਣ ਬਾਰੇ ਪੁੱਛੇ ਸਵਾਲ ਤੇ ਅੰਮ੍ਰਿਤਪਾਲ ਨੇ ਕਿਹਾ ਕਿ ਦਿੱਲੀ ਮੋਰਚੇ ’ਚ ਕਿੰਨੀਆਂ ਥਾਵਾਂ ਉੱਤੇ ਮਹਾਰਾਜ ਦਾ ਪ੍ਰਕਾਸ਼ ਸੀ, ਚੰਡੀਗੜ੍ਹ ਤੇ ਬਹਿਬਲਕਲਾਂ ਮੋਰਚੇ ’ਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ। ਇਹ ਸਾਡੇ ਉੱਤੇ ਹੀ ਕਿਉਂ ਸਵਾਲ ਹਨ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਹੀਂ ਬਣਾਇਆ। ਮਹਾਰਾਜ ਤਾਂ ਸਾਡੀ ਆਪ ਹੀ ਢਾਲ ਹਨ। 

 ਕੰਟਰੋਲ ਵਿਚ ਅਜਨਾਲਾ ਦੀ ਸਥਿਤੀ- ਐੱਸਐੱਸਪੀ ਸਤਿੰਦਰ ਸਿੰਘ 

ਐੱਸਐੱਸਪੀ ਸਤਿੰਦਰ ਸਿੰਘ ਨੇ ਅਦਾਲਤ ਦੇ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅਜਨਾਲਾ ਕੋਰਟ  ਨੇ ਲਵਪ੍ਰੀਤ ਸਿੰਘ ਉਰਫ਼ ਤੂਫਾਨ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਉਨ੍ਹਾਂ ਨੇ ਕਿਹਾ ਕਿ ਤੂਫਾਨ ਸਿੰਘ ਨੂੰ ਰਿਹਾਅ ਕਰਨ ਲਈ ਅਗਲੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ ਅਤੇ ਅੱਜ ਹੀ ਉਸ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਜਨਾਲਾ ਵਿਚ ਸਥਿਤੀ ਪੂਰੇ ਕੰਟਰੋਲ ਹੇਠ ਤੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮੈਂਬਰੀ ਸਿੱਟ (SIT) ਦਾ ਗਠਨ ਕਰ ਦਿੱਤਾ ਗਿਆ ਹੈ। ਸਿੱਟ ਦੀ ਜਾਂਚ ਮਗਰੋਂ ਅਗਲੀ ਰਣਨੀਤੀ ਹੋਵੇਗੀ।

ਇਸ ਘਟਨਾ ਨੇ ਮੁੜ ਤੋਂ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ- ਅਸ਼ਵਨੀ ਸ਼ਰਮਾ 

ਅਜਨਾਲਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਘਟਨਾ ਨੇ ਮੁੜ ਤੋਂ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤਿੱਖਾ ਸਵਾਲ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਤੋਂ ਕਿਉਂ ਝਿਜਕ ਰਹੀ ਹੈ।

ਪੰਜਾਬ ਦੀ ਕਾਨੂੰਨ ਵਿਵਸਥਾ ਢਹਿ ਢੇਰੀ ਹੋ ਚੁੱਕੀ- ਰਾਜਾ ਵੜਿੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਜਨਾਲਾ ਵਿਖੇ ਪੁਲਿਸ ਥਾਣੇ ‘ਤੇ ਹੋਇਆ ਹਮਲਾ ਬਹੁਤ ਹੀ ਮੰਦਭਾਗੀ ਘਟਨਾ ਹੈ। ਅਜਿਹਾ ਤਾਂ ਕਦੇ ਪੰਜਾਬ ਦੇ ਕਾਲੇ ਦੌਰ ਵਿੱਚ ਵੀ ਨਹੀਂ ਵਾਪਰਿਆ ਸੀ। ਅਜਿਹੀਆਂ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ ਢੇਰੀ ਹੋ ਚੁੱਕੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਰਲ਼ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀਆਂ ਹਨ।  ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਸੂਬੇ ਦੀ ਅਮਨ ਸ਼ਾਂਤੀ ਨੂੰ ਢਾਹ ਨਾ ਲਾਈ ਜਾਵੇ।

ਇਹ ਜਵਾਕ ਵੀ ਬਾਹਰੋਂ ਟਰੇਨਿੰਗ ਲੈ ਕੇ ਆਇਆ - ਰਵਨੀਤ ਬਿੱਟੂ 

ਅਜਨਾਲਾ ਕਾਂਡ ’ਤੇ ਬੋਲਦਿਆਂ MP ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਭਗੌੜੇ ਬੰਦੇ ਹਨ। ਇਹ ਸਾਡੇ ਦੇਸ਼ ਦੇ ਨਹੀਂ ਹਨ ਇਹ ਬਾਹਰੋਂ ਆਏ ਹੋਏ ਹਨ। ਇਨ੍ਹਾਂ ਦਾ ਪੰਜਾਬ ਨਾਲ ਕੀ ਲੈਣਾ-ਦੇਣਾ ਹੈ। ਇਹ ਪੰਜਾਬ ਨੂੰ ਤਬਾਹ ਕਰਨ ਆਏ ਹਨ। ਦੂਜੀ ਗੱਲ ਇਹ ਹੈ ਕਿ ਮੈਂ ਪੰਜਾਬ ਪੁਲਿਸ ਦਾ ਧੰਨਵਾਦੀ ਹਾਂ। ਇਹਨਾਂ ਨੇ ਪਹਿਲਾਂ ਦਰਬਾਰ ਸਾਹਿਬ ਤੇ ਹਮਲੇ ਕਰਵਾਏ। ਇਹ ਜਵਾਕ ਵੀ ਹੁਣ ਬਾਹਰੋਂ ਟਰੇਨਿੰਗ ਲੈ ਕੇ ਆਇਆ ਹੈ। ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਹੁਤ ਵੱਡਾ ਮੁੱਦਾ ਚੱਲ ਰਿਹਾ ਹੈ। ਜਿਹੜੀ ਗੱਡੀ ਵਿਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਬੈਰੀਕੇਡ ਵਿਚ ਮਾਰਨ ਜਾ ਰਹੇ ਸੀ ਜੇ ਉਸ ਗੱਡੀ ਦਾ ਪੁਲਿਸ ਵਾਲਿਆਂ ਤੋਂ ਗਲਤੀ ਨਾਲ ਵੀ ਸ਼ੀਸ਼ਾ ਟੁੱਟ ਜਾਂਦਾ ਤਾਂ ਤੁਸੀਂ ਦੇਖ ਸਕਦੇ ਸੀ ਕਿ ਪੰਜਾਬ ਦਾ ਮਾਹੌਲ ਕਿਵੇਂ ਦੇ ਬਣ ਜਾਣੇ ਸਨ। 

ਐੱਸ ਪੀ ਜੁਗਰਾਜ ਸਿੰਘ ਜਿਸ ਨੇ ਦੇਸ਼ ਚ ਨਾਂਅ ਰੌਸ਼ਨ ਕੀਤਾ ਉਹ ਕੱਲ੍ਹ ਇਸ ਹਮਲੇ ਦੌਰਾਨ ਸਭ ਤੋਂ ਅੱਗੇ ਸੀ। ਦੇਸ਼ ਦਾ ਤੇ ਪੰਜਾਬ ਦਾ ਹਾਕੀ ’ਚ ਨਾਂਅ ਰੌਸ਼ਨ ਕਰਨ ਵਾਲਾ ਕਿ ਇਹ ਸਿੱਖ ਨਹੀਂ ਜਿਸ ਉੱਤੇ ਹਮਲਾ ਕੀਤਾ ਗਿਆ। 

ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਹੈ, ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਅਮਨ-ਕਾਨੂੰਨ ਨੂੰ ਠੀਕ ਕਰਨਗੇ। ਨਹੀਂ ਤਾਂ ਕੱਲ੍ਹ ਨੂੰ ਕੋਈ ਵੀ ਉੱਠ ਕੇ ਗੁਰੂ ਗ੍ਰੰਥ ਸਾਹਿਬ ਸਬੰਧੀ ਆਪਣੀਆਂ ਮੰਗਾਂ ਮੰਨਵਾ ਲਵੇਗਾ। ਇੱਕ ਪਾਸੇ ਪੰਜਾਬ ਸਰਕਾਰ ਪੰਜਾਬ ਨਿਵੇਸ਼ ਕਰ ਰਹੀ ਹੈ ਵੱਡੇ ਉਦਯੋਗਪਤੀ ਪੰਜਾਬ ਵਿੱਚ ਹਨ ਦੂਜੇ ਪਾਸੇ ਥਾਣਿਆਂ 'ਤੇ ਕਬਜੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਕੀ ਹੋ ਰਿਹਾ ਹੈ? ਉਹ ਪੁਲਿਸ ਦੀ ਤਾਰੀਫ਼ ਕਰਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਸਥਿਤੀ ਨੂੰ ਸੰਭਾਲਿਆ ਹੈ ਪਰ ਅੰਮ੍ਰਿਤਪਾਲ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਾਰੇ ਸਕੂਲਾਂ ’ਚ ਪੜ੍ਹਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਦੀ ਕਿਤਾਬ, ਸਿਖਿਆ ਮੰਤਰਾਲੇ ਨੇ ਸੂਬਿਆਂ ਨੂੰ ਦਿਤੇ ਨਿਰਦੇਸ਼

ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲੇ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ- ਕੁਲਦੀਪ ਧਾਲੀਵਾਲ

ਪੰਜਾਬ ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਵਿਰੋਧੀ ਧਿਰ 'ਤੇ ਮਾਨ ਸਰਕਾਰ ਦੇ ਸਾਫ਼ ਅਕਸ ਨੂੰ ਢਾਹ ਲਾਉਣ ਅਤੇ ਭੰਡੀ ਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਸਥਿਰ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਸਾਰੇ ਸਮਾਜ ਵਿਰੋਧੀ ਅਨਸਰਾਂ ਨਾਲ ਪੂਰੀ ਸਖ਼ਤੀ ਨਾਲ ਨਿਪਟਿਆ ਜਾਵੇਗਾ।

ਮੰਤਰੀ ਨੇ ਵੀਰਵਾਰ ਨੂੰ ਅਜਨਾਲਾ ਵਿਖੇ ਹਿੰਸਕ ਪ੍ਰਦਰਸ਼ਨ ਦੌਰਾਨ ਸਥਿਤੀ ਨੂੰ ਸਮਝਦਾਰੀ ਨਾਲ ਸੰਭਾਲਣ ਲਈ ਪੰਜਾਬ ਪੁਲਿਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸੀਂ ਪੰਜਾਬ ਪੁਲਿਸ ਦੇ ਸਾਰੇ ਜਵਾਨਾਂ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਜ਼ਿੰਮੇਵਾਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਪੰਜਾਬ ਪੁਲਿਸ ਕਾਨੂੰਨ ਤੋੜਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠੇਗੀ।

ਧਾਲੀਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਰਾਖੀ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਅਤੇ ਅਸੀਂ ਇਸ ਫਰਜ਼ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਅਮਨ-ਕਾਨੂੰਨ ਬਾਰੇ ਝੂਠੇ ਦਾਅਵੇ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਿੱਚ ਅਪਰਾਧ ਦਰ ਵਿੱਚ ਕਮੀ ਆਈ ਹੈ।

ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ 'ਤੇ ਪੂਰਾ ਭਰੋਸਾ ਹੈ। ਉਨ੍ਹਾਂ ਦੀ ਅਗਵਾਈ ਵਿੱਚ ਸਰਕਾਰ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਨਜਿੱਠਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। 'ਆਪ' ਸਰਕਾਰ 'ਚ ਪੰਜਾਬੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਹ ਖ਼ਬਰ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫਾਨ ਰਿਹਾਅ

ਸਾਨੂੰ ਪੁਰਾਤਨ ਇਤਿਹਾਸ ਤੋਂ ਸੇਧ ਲੈ ਲੈਣੀ ਚਾਹੀਦੀ- ਜਥੇਦਾਰ ਹਰਪ੍ਰੀਤ ਸਿੰਘ

ਅਜਨਾਲਾ 'ਚ ਹੋਈ ਝੜਪ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਜੇ ਕੋਈ ਜਬਰ ਜ਼ੁਲਮ ਦੇ ਖ਼ਿਲਾਫ਼, ਮਨੁੱਖੀ ਹੱਕਾਂ ਨੂੰ ਕੁਚਲਣ ਦੇ ਖ਼ਿਲਾਫ਼ ਜਾਂ ਸਿੱਖਾਂ ਦੇ ਹੱਕ ਹਕੂਕਾਂ ਲਈ ਸੰਘਰਸ਼ ਕਰਦਾ ਹੈ ਤਾਂ ਉਸ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਡੱਟਵੀਂ ਹਿਮਾਇਤ ਕਰਨੀ ਚਾਹੀਦੀ ਹੈ। ਇਸ ਕਾਰਜ ਵਿੱਚ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਅਸੀਸ ਲੈਣਾ ਵੀ ਜ਼ਰੂਰੀ ਹੈ। ਜਿੱਥੇ ਸੰਘਰਸ਼ ਕਰਦਿਆਂ,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਵਿੱਚ ਕਮੀ ਆਉਣ ਦਾ ਖ਼ਦਸ਼ਾ ਹੋਵੇ ਉੱਥੇ ਜ਼ਰੂਰ ਵਿਚਾਰਨਾ ਚਾਹੀਦਾ ਹੈ ਅਤੇ ਸਾਨੂੰ ਪੁਰਾਤਨ ਇਤਿਹਾਸ ਤੋ ਸੇਧ ਲੈ ਲੈਣੀ ਚਾਹੀਦੀ ਹੈ।