ਵੱਖ-ਵੱਖ ਥਾਵਾਂ ਤੋਂ 300 ਪੇਟੀਆਂ ਨਾਜਾਇਜ ਸ਼ਰਾਬ, ਹੈਰੋਇਨ, ਭੁੱਕੀ ਸਮੇਤ 8 ਮੁਲਜ਼ਮ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਦਿੱਤੀ ਜਾਣਕਾਰੀ

SSP Varinder Singh Brar addressing press conference

ਜਗਰਾਉਂ : ਜ਼ਿਲ੍ਹਾ ਲੁਧਿਆਣਾ 'ਚ ਅੱਜ ਵੱਖ-ਵੱਖ ਥਾਵਾਂ ਤੋਂ 300 ਪੇਟੀਆਂ ਨਾਜਾਇਜ ਸ਼ਰਾਬ, ਹੈਰੋਇਨ, ਭੁੱਕੀ ਸਮੇਤ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਕਾਨਫ਼ਰੰਸ ਮੌਕੇ ਦੱਸਿਆ ਕਿ ਥਾਣਾ ਸਿਟੀ ਦੇ ਮੁਖੀ ਨਿਧਾਨ ਸਿੰਘ ਦੀ ਨਿਗਰਾਨੀ ਹੇਠ ਇੰਚਾਰਜ ਬੱਸ ਸਟੈਂਡ ਚੌਂਕੀ ਦੇ ਏਐਸਆਈ ਸ਼ਈਅਦ ਸ਼ਕੀਲ ਨੇ ਗੁਪਤ ਸੂਚਨਾਂ ਦੇ ਅਧਾਰ 'ਤੇ ਅਲੀਗੜ੍ਹ ਤੋਂ ਕੋਠੇ ਖੰਜੂਰਾਂ ਕੋਲ ਨਾਕਾਬੰਦੀ ਕਰ ਕੇ ਦੋ ਵਿਅਕਤੀਆਂ ਨੂੰ ਕੈਂਟਰ 'ਚ ਲਿਆ ਰਹੇ ਨਜਾਇਜ ਸ਼ਰਾਬ ਦੀਆਂ 300 ਪੇਟੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਆਪਣੀ ਪਛਾਨ ਸ਼ੁਭਮ ਕੁਮਾਰ ਤੇ ਸਾਹਿਲ ਕੁਮਾਰ ਵਾਸੀ ਪਟਿਆਲਾ ਵਜੋਂ ਦੱਸੀ। ਇਨ੍ਹਾਂ ਦੇ ਵਿਰੁੱਧ ਥਾਣਾ ਸਿਟੀ ਜਗਰਾਓਂ ਵਿਖੇ ਆਬਕਾਰੀ ਐਕਟ ਅਧੀਨ ਮਾਮਲਾ ਦਰਜ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ ਨਾਰਕੋਟਿਕ ਸੈਲ ਜਗਰਾਓਂ ਦੇ ਇੰਸਪੈਕਟਰ ਨਵਦੀਪ ਸਿੰਘ ਅਤੇ ਏਐਸਆਈ ਰਾਜਿੰਦਰਪਾਲ ਸਿੰਘ ਨੇ ਸਕੂਟਰੀ 'ਤੇ ਆ ਰਹੀਆਂ ਦੋ ਔਰਤਾਂ ਨੂੰ ਸ਼ੱਕ ਦੇ ਅਧਾਰ 'ਤੇ ਰੋਕ ਕੇ ਤਲਾਸ਼ੀ ਲੈਣ ਮਗਰੋਂ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਨ੍ਹਾਂ ਦੀ ਪਛਾਨ ਜਸਪ੍ਰੀਤ ਕੌਰ ਉਰਫ਼ ਜੱਸੀ ਤੇ ਵੀਰਵਾਰਪਾਲ ਕੌਰ ਵਾਸੀ ਜਗਰਾਓਂ ਵਜੋਂ ਹੋਈ ਹੈ। ਇਨ੍ਹਾਂ ਔਰਤਾਂ ਖ਼ਿਲਾਫ਼ ਐਨਡੀਪੀਸੀ ਐਕਟ ਅਧੀਨ ਥਾਣਾ ਸਿਟੀ ਵਿਖੇ ਮਾਮਲਾ ਦਰਜ ਕੀਤਾ ਹੈ।

ਕਾਉਂਕੇ ਕਲਾਂ ਚੌਂਕੀ ਦੇ ਏਐਸਆਈ ਹਰਮੇਸ਼ ਕੁਮਾਰ ਨੇ ਦੋਸ਼ੀ ਬਲਵੰਤ ਸਿੰਘ ਤੇ ਜਿਉਣ ਸਿੰਘ ਉਰਫ ਰਾਜਾ ਵਾਸੀ ਲੰਮੇ ਕੋਲੋਂ 25 ਕਿਲੋ ਭੁੱਕੀ ਚੂਰੇ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੇ ਵਿਰੁੱਧ ਥਾਣਾ ਸਦਰ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਬਰਾੜ ਨੇ ਦੱਸਿਆ ਕਿ ਇਸੇ ਤਰ੍ਹਾਂ ਏਐਸਆਈ ਸ਼ਈਅਦ ਸ਼ਕੀਲ ਨੇ ਮੋਟਰਸਾਈਕਲ ਸਵਾਰਾਂ ਬਿਕਰਮਜੀਤ ਸਿੰਘ ਤੇ ਰਾਜਵਿੰਦਰ ਸਿੰਘ ਉਰਫ਼ ਰਾਜੂ ਵਾਸੀ ਪਿੰਡ ਮਾਣੂੰਕੇ ਨੂੰ ਗਸ਼ਤ ਦੌਰਾਣ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਡੀਏਵੀ ਕਾਲਜ ਨੇੜੇ ਇਕ ਔਰਤ ਤੋਂ ਪਰਸ ਖੋਹ ਕੇ ਫ਼ਰਾਰ ਹੋ ਗਏ ਸਨ, ਜਿਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਹੈ।