ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਾਉਣ ਲਈ ਮੋਟਰਸਾਈਕਲ ਰੈਲੀ ਕੱਢੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਟੀ.ਐਫ਼ ਮੁਖੀ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ ਲਈ ਕੀਤੀ ਅਪੀਲ

Bike rally

ਚੰਡੀਗੜ੍ਹ : ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਵਸ ਦੀ ਯਾਦ ਵਿੱਚ 'ਥੰਪਰਜ਼ ਕੈਫੇ' ਕਲੱਬ ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਵੱਲੋਂ ਸਾਂਝੇ ਤੌਰ 'ਤੇ ਮੋਹਾਲੀ ਤੋਂ ਚੰਡੀਗੜ੍ਹ ਤੱਕ ਇਕ ਮੋਟਰਸਾਈਕਲ ਰੈਲੀ ਆਯੋਜਿਤ ਕਰਵਾਈ ਗਈ। ਇਸ ਰੈਲੀ ਨੂੰ ਐਸ.ਟੀ.ਐਫ. ਦੇ ਮੁਖੀ ਗੁਰਪ੍ਰੀਤ ਕੌਰ ਦਿਉ, ਵਧੀਕ ਡਾਇਰੈਕਟਰ ਜਨਰਲ ਪੁਲਿਸ (ਏ.ਡੀ.ਜੀ.ਪੀ.) ਨੇ ਝੰਡੀ ਵਿਖਾ ਕੇ ਸ਼ੁਰੂ ਕੀਤਾ। ਇਹ ਰੈਲੀ ਟੈਗੋਰ ਥੀਏਟਰ ਵਿਖੇ ਸਮਾਪਤ ਹੋਈ।

ਇਸ ਮੌਕੇ ਐਸ.ਟੀ.ਐਫ. ਮੁਖੀ ਨੇ ਐਸ.ਟੀ.ਐਫ. ਵੱਲੋਂ ਕੀਤੇ ਕਾਰਜਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ-ਮੁਕਤ, ਸਿਹਤਮੰਦ ਤੇ ਖੁਸ਼ਹਾਲ ਜੀਵਨ ਜਿਉਣ ਦੀ ਸਲਾਹ ਵੀ ਦਿੱਤੀ। ਇਸ ਸਬੰਧੀ ਐਸ.ਟੀ.ਐਫ. ਦੇ ਬੁਲਾਰੇ ਨੇ ਦੱਸਿਆ ਕਿ 'ਰੰਗ ਦੇ ਬਸੰਤੀ - ਏ ਰਾਈਡ ਫਾਰ ਡਰੱਗ ਫ੍ਰੀ ਇੰਡੀਆ' ਦੇ ਸਲੋਗਨ ਵਾਲੀ ਇਸ ਮੋਟਰਸਾਈਕਲ ਰੈਲੀ ਦਾ ਮੰਤਵ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਸਮਾਜ ਵਿੱਚੋਂ ਨਸ਼ਾਖ਼ੋਰੀ ਦੀ ਲਾਹਣਤ ਨੂੰ ਜੜੋਂ ਪੁੱਟਣਾ ਸੀ।

ਉਨ੍ਹਾਂ ਦੱਸਿਆ ਕਿ ਰੈਲੀ 'ਚ ਥੰਪਰਜ਼ ਕੈਫੇ ਦੇ 500 ਮੋਟਰਸਾਈਕਲ ਚਾਲਕ, ਪੰਜਾਬ ਪੁਲਿਸ ਦੇ 20, ਐਸ.ਟੀ.ਐਫ. ਦੇ 20 ਅਤੇ ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਦੇ 4 ਚਾਲਕਾਂ ਨੇ ਭਾਗ ਲਿਆ। ਅੰਮ੍ਰਿਤਸਰ, ਜਲੰਧਰ,ਪਟਿਆਲਾ, ਮੋਗਾ ਅਤੇ ਨਵਾਂਸ਼ਹਿਰ ਵਰਗੇ ਸ਼ਹਿਰਾਂ 'ਚ ਵੀ ਨਾਲੋ-ਨਾਲ ਅਜਿਹੀਆਂ ਬਾਈਕ ਰੈਲੀਆਂ ਕੱਢੀਆਂ ਗਈਆਂ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਲਾਸਾਨੀ ਸ਼ਹਾਦਤਾਂ, ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਕੱਢਣ ਲਈ ਇੱਕ ਵੱਡੀ ਪ੍ਰੇਰਣਾ ਦਾ ਸੋਮਾ ਹਨ। ਪੂਰੀ ਰੈਲੀ ਦੌਰਾਨ ਲੋਕਾਂ ਵੱਲੋਂ ਭਰਪੂਰ ਹੰਘਾਰਾ ਦੇਖਣ ਨੂੰ ਮਿਲਿਆ ਅਤੇ ਨੌਜਵਾਨਾਂ ਤੇ ਸਮਾਜ ਨੂੰ ਨਸ਼ਿਆਂ ਵਿਰੁੱਧ ਚੇਤੰਨਤਾ ਦਾ ਸੁਨੇਹਾ ਦੇਣ ਵਾਲੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ।