ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਨੇ ਵੱਟਸਐਪ ਗਰੁੱਪ ’ਚ ਪਾਈਆਂ ਅਸ਼ਲੀਲਤਾ ਭਰੀਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਸਵੀਰਾਂ ਪਾਉਣ ਵਾਲੇ ਮੈਂਬਰ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਉੱਠੀ ਮੰਗ

Chief Khalsa Diwan Member...

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਉਸ ਸਮੇਂ ਚਰਚਾ ਦਾ ਵਿਸ਼ਾ ਬਣੀ ਜਦੋਂ ਸੰਸਥਾਂ ਦੇ ਮੈਂਬਰਾਂ ਦੇ ਵੱਟਸਐਪ ਗਰੁੱਪ ਵਿਚ ਇਕ ਮੈਂਬਰ ਨੇ ਅਸ਼ਲੀਲਤਾ ਭਰੀਆਂ ਤਸਵੀਰਾਂ ਪਾ ਦਿਤੀਆਂ। ਗਰੁੱਪ ਮੈਂਬਰਾਂ ਵਲੋਂ ਸਖ਼ਤ ਇਤਰਾਜ਼ ਜਤਾਏ ਜਾਣ 'ਤੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨੇ ਤਸਵੀਰਾਂ ਪਾਉਣ ਵਾਲੇ ਮੈਂਬਰ ਨੂੰ ਸੰਸਥਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿਤਾ। ‘ਸੀਕੇਡੀ ਅਪਡੇਟਸ’ ਵੱਟਸਐਪ ਗਰੁੱਪ ਵਿਚ ਦੀਵਾਨ ਦੇ ਲਗਭੱਗ 147 ਮੈਂਬਰ ਹਨ, ਜਿਨ੍ਹਾਂ ਵਿਚ ਮਹਿਲਾ ਮੈਂਬਰ ਵੀ ਸ਼ਾਮਲ ਹਨ।

ਸ਼ਨਿਚਰਵਾਰ ਦੁਪਹਿਰ ਸਮੇਂ ਪਾਈਆਂ ਗਈਆਂ ਇਨ੍ਹਾਂ ਅਸ਼ਲੀਲ ਤਸਵੀਰਾਂ ਬਾਰੇ ਗਰੁੱਪ ਦੇ ਮੈਂਬਰਾਂ ਵਿਚ ਵਿਰੋਧ ਸ਼ੁਰੂ ਹੋ ਗਿਆ। ਗਰੁੱਪ ਦੇ ਮੈਂਬਰਾਂ ਨੇ ਇਨ੍ਹਾਂ ਤਸਵੀਰਾਂ ਦਾ ਸਖ਼ਤ ਵਿਰੋਧ ਕੀਤਾ ਅਤੇ ਤਸਵੀਰਾਂ ਪਾਉਣ ਵਾਲੇ ਮੈਂਬਰ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਇਨ੍ਹਾਂ ਤਸਵੀਰਾਂ ਦਾ ਵਿਰੋਧ ਹੋਣ ਤੋਂ ਬਾਅਦ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਵਿਰੁਧ ਕਾਰਵਾਈ ਕਰਦਿਆਂ ਦੀਵਾਨ ਦੇ ਮੈਂਬਰ ਨੂੰ ਪਹਿਲਾਂ ਵੱਟਸਐਪ ਗਰੁੱਪ ਵਿਚੋਂ ਹਟਾਇਆ ਗਿਆ ਅਤੇ ਉਸ ਤੋਂ ਬਾਅਦ ਉਸ ਦੀ ਦੀਵਾਨ ਦੀ ਮੁੱਢਲੀ ਮੈਂਬਰਸ਼ਿਪ ਖਾਰਜ ਕਰ ਦਿਤੀ ਗਈ।

ਉਨ੍ਹਾਂ ਆਖਿਆ ਕਿ ਇਸ ਹਰਕਤ ਦੀ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਤਸਵੀਰਾਂ ਪਾਉਣ ਬਾਰੇ ਮੈਂਬਰ ਨੇ ਸਫਾਈ ਦਿਤੀ ਸੀ ਕਿ ਇਹ ਤਸਵੀਰਾਂ ਉਸ ਦੇ ਪਰਵਾਰਕ ਮੈਂਬਰ ਵਲੋਂ ਗ਼ਲਤੀ ਨਾਲ ਇਸ ਗਰੁੱਪ ਵਿਚ ਸ਼ਾਮਲ ਕਰ ਦਿਤੀਆਂ ਗਈਆਂ ਹਨ, ਜਿਸ ਬਾਰੇ ਉਸ ਨੂੰ ਜਾਣਕਾਰੀ ਨਹੀਂ ਸੀ, ਇਸ ਕਾਰਵਾਈ ’ਤੇ ਉਸ ਨੂੰ ਵੀ ਅਫ਼ਸੋਸ ਹੈ।