ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, 2 ਦੀ ਮੌਤ ਤੇ 3 ਗੰਭੀਰ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਸਵਾਰ 5 ਦੋਸਤ ਸੰਗਰੂਰ ਤੋਂ ਚੰਡੀਗੜ੍ਹ ਘੁੰਮਣ ਲਈ ਆ ਰਹੇ ਸਨ

Two killed in Car Accident

ਮੋਹਾਲੀ : ਮੋਹਾਲੀ ਵਿਚ ਪਟਿਆਲਾ-ਜ਼ੀਰਕਪੁਰ ਹਾਈਵੇ ਉਤੇ ਐਤਵਾਰ ਨੂੰ ਇਕ ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਤਿੰਨ ਸਾਥੀ ਗੰਭੀਰ ਰੂਪ ’ਚ ਜਖ਼ਮੀ ਦੱਸੇ ਜਾ ਰਹੇ ਹਨ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਸੰਗਰੂਰ ਦੇ ਰਹਿਣ ਵਾਲੇ ਇਹ ਨੌਜਵਾਨ ਚੰਡੀਗੜ੍ਹ ਘੁੰਮਣ ਲਈ ਨਿਕਲੇ ਸਨ। ਪਿੰਡ ਛੱਤ ਦੇ ਕੋਲ ਇਹਨਾਂ ਦੀ ਕਾਰ ਦੀ ਇੱਟਾਂ ਨਾਲ ਭਰੀ ਇਕ ਟਰੈਕਟਰ-ਟ੍ਰਾਲੀ ਨਾਲ ਟੱਕਰ ਹੋ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਮੌਕੇ ਉਤੇ ਪਹੁੰਚੀ ਪੁਲਿਸ ਨੇ ਦੋਵਾਂ ਹਾਦਸਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।

ਇਸ ਦੌਰਾਨ ਪਾਇਆ ਗਿਆ ਕਿ ਸੰਗਰੂਰ ਨਿਵਾਸੀ ਮਨਪ੍ਰੀਤ ਸਿੰਘ, ਸਤਨਾਮ ਸਿੰਘ ਲਾਡੀ, ਗੁਰਪਿਆਰ ਸਿੰਘ, ਇਸ਼ਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਚੰਡੀਗੜ੍ਹ ਘੁੰਮਣ ਲਈ ਨਿਕਲੇ ਸਨ। ਜਿਸ ਸਮੇਂ ਇਹ ਲੋਕ ਪਟਿਆਲਾ ਤੋਂ ਜ਼ੀਰਕਪੁਰ ਵੱਲ ਨੂੰ ਆ ਰਹੇ ਸਨ, ਪਿੰਡ ਛੱਤ ਦੇ ਕੋਲ ਇਹਨਾਂ ਦੀ ਕਾਰ ਦੀ ਟੱਕਰ ਡਰਾਇਵਰ ਵਾਲੀ ਸਾਈਡ ਤੋਂ ਇੱਟਾਂ ਨਾਲ ਭਰੀ ਇਕ ਟਰੈਕਟਰ-ਟ੍ਰਾਲੀ  ਦੇ ਨਾਲ ਹੋ ਗਈ। ਇਸ ਹਾਦਸੇ ਵਿਚ ਕਾਰ ਚਲਾ ਰਹੇ ਮਨਪ੍ਰੀਤ ਸਿੰਘ ਦੀ ਤੁਰਤ, ਜਦੋਂ ਕਿ ਉਸ ਦੇ ਬਿਲਕੁਲ ਪਿੱਛੇ ਸੀਟ ਉਤੇ ਬੈਠੇ ਸਤਨਾਮ ਸਿੰਘ ਲਾਡੀ ਦੀ 10 ਮਿੰਟ ਤੱਕ ਗੱਡੀ ਵਿਚ ਫਸੇ ਰਹਿਣ  ਦੇ ਕਾਰਨ ਮੌਤ ਹੋ ਗਈ।

ਗੱਡੀ ਵਿਚ ਬੈਠੇ ਹੋਰ ਗੁਰਪਿਆਰ ਸਿੰਘ, ਇਸ਼ਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜਲਦੀ ਵਿਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਥੇ ਹੀ ਪੁਲਿਸ ਨੇ ਟਰੈਕਟਰ-ਟ੍ਰਾਲੀ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਵਿਰੁਧ ਲਾਪਰਵਾਹੀ ਨਾਲ ਵਾਹਨ ਚਲਾਉਣ ਦੇ ਇਲਜ਼ਾਮ ਵਿਚ ਮਾਮਲਾ ਦਰਜ ਕਰ ਲਿਆ ਹੈ। ਇਹ ਟ੍ਰਾਲੀ ਕੇਕੇਕੇ ਇੱਟ ਭੱਠੇ ਦੀ ਸੀ, ਜੋ ਕੱਚੀ ਮਿੱਟੀ ਦੀਆਂ ਇੱਟਾਂ ਲੈ ਕੇ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਕਦਮ ਸੜਕ ਵੱਲ ਮੁੜ ਗਿਆ, ਜਿਸ ਕਾਰਨ ਪਿੱਛੇ ਤੋਂ ਆ ਰਹੀ ਅਲਟੋ ਕਾਰ ਟਰੈਕਟਰ ਪਿੱਛੇ ਜਾ ਵੜੀ।