ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਇੱਕ ਹੋਰ ਮਾਮਲਾ, ਸ਼ੇਖੂਪੁਰਾ ਦੇ ਇੱਕ ਪਰਿਵਾਰ ਨੇ ਦਰਜ ਕਰਵਾਈ FIR
ਦਰਿਆ ਪਾਰ ਕਰਵਾਉਣ ਲਈ ਦਿੱਤੀ ਧਮਕੀ ਤੇ ਗ੍ਰੰਥੀ ਸਿੰਘ ਦੇ ਘਰੋਂ ਲਿਆ ਬਾਈਕ ਤੇ ਸਮਾਨ!
ਸ਼ੇਖੂਪੁਰਾ : ਅੰਮ੍ਰਿਤਪਾਲ ਸਿੰਘ ਨੂੰ ਇੱਕ ਪਾਸੇ ਜਿਥੇ ਪੁਲਿਸ ਵਲੋਂ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਉਥੇ ਹੀ ਆਏ ਦਿਨ ਨਵੇਂ ਖੁਲਾਸੇ ਹੋ ਰਹੇ ਹਨ ਅਤੇ ਅੰਮ੍ਰਿਤਪਾਲ ਸਿੰਘ ਵਿਰੁੱਧ ਮਾਮਲੇ ਦਰਜ ਕਰਵਾਏ ਜਾ ਰਹੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਹੁਣ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕਰਵਾਇਆ ਗਿਆ ਹੈ।ਇਹ ਪਰਚਾ ਸ਼ੇਖੂਪੁਰਾ ਦੇ ਇੱਕ ਪਰਿਵਾਰ ਵਲੋਂ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਇੱਕ ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿਚ ਇੱਕ ਗ੍ਰੰਥੀ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਅੰਮ੍ਰਿਤਪਾਲ ਸਿੰਘ ਵਲੋਂ ਬੰਦੀ ਬਣਾਉਣ ਦੇ ਇਲਜ਼ਾਮ ਲਗਾਏ ਗਏ ਹਨ। ਇੰਨਾ ਹੀ ਨਹੀਂ ਸਗੋਂ ਇਸ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਡਰਾ-ਧਮਕਾ ਕੇ ਦਰਿਆ ਪਾਰ ਕਰਵਾਉਣ ਲਈ ਕਿਹਾ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੁਝ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਏ ਸਨ ਜਿਸ ਵਿਚ ਦੋ ਨੌਜਵਾਨ ਦਿਖਾਈ ਦੇ ਰਹੇ ਸਨ। ਇਨ੍ਹਾਂ ਵਿਚੋਂ ਮੋਟਰਸਾਈਕਲ 'ਤੇ ਇੱਕ ਨੌਜਵਾਨ ਦੇ ਗੁਲਾਬੀ ਪੱਗ ਬੰਨ੍ਹੀ ਹੋਈ ਸੀ ਜੋ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਸ਼ੇਖੂਪੁਰਾ ਦੀ ਦੱਸੀ ਜਾ ਰਹੀ ਸੀ। ਹੁਣ ਇਸ ਐਫ.ਆਈ.ਆਰ ਦਰਜ ਹੋਣ ਮਗਰੋਂ ਮਾਮਲੇ ਵਿਚ ਥੋੜਾ ਸਪਸ਼ਟੀਕਰਨ ਆਉਂਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਮਾਮਲੇ 'ਚ ਕੁਮਾਰ ਵਿਸ਼ਵਾਸ ਦੀ ਐਂਟਰੀ, ਕਿਹਾ - ਸਾਲ ਪਹਿਲਾਂ ਦਿੱਤੀ ਸੀ ਚਿਤਾਵਨੀ
ਗੁਰਮੀਤ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਦਿਤੀ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੇ ਪਤੀ ਗੁਰਦੁਆਰਾ ਸਿੰਘ ਸਭਾ ਵਿਚ ਗ੍ਰੰਥੀ ਹਨ ਅਤੇ ਲਾਈਟ ਐਂਡ ਸਾਊਂਡ ਦਾ ਕੰਮ ਵੀ ਕਰਦੇ ਹਨ। 18 ਮਾਰਚ ਨੂੰ ਕਰੀਬ 6 ਕੁ ਵਜੇ ਜਦੋਂ ਉਸ ਦਾ ਪਤੀ ਬਾਹਰ ਕੀਤੇ ਕੰਮ ਗਿਆ ਹੋਇਆ ਸੀ ਅਤੇ ਗੁਰਦੁਆਰਾ ਸਾਹਿਬ ਦੇ ਦੋਵੇਂ ਗੇਟ ਖੁਲ੍ਹੇ ਹੋਏ ਸਨ। ਇਸ ਦੌਰਾਨ ਸਾਈਡ ਵਾਲੇ ਗੇਟ 'ਤੇ ਇੱਕ ਸਿੱਖ ਨੌਜਵਾਨ ਪਲਟੀਨਾ ਮੋਟਰਸਾਈਕਲ 'ਤੇ ਆਇਆ ਜਿਸ ਦੇ ਨਾਲ ਇੱਕ ਹੋਰ ਸ਼ਖਸ ਵੀ ਸੀ ਅਤੇ ਦੋਹਾਂ ਦੇ ਮੂੰਹ ਬੰਨ੍ਹੇ ਹੋਏ ਸਨ।
ਆਪਣੀ ਸ਼ਿਕਾਇਤ ਵਿਚ ਉਨ੍ਹਾਂ ਅੱਗੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਹਥਿਆਰਾਂ ਦੀ ਨੋਕ 'ਤੇ ਸਾਡੇ ਪਰਿਵਾਰ ਨੂੰ ਡਰਾਇਆ ਧਮਕਾਇਆ ਅਤੇ ਇੱਕ ਕਮਰੇ ਵਿਚ ਬੰਦ ਕਰ ਦਿਤਾ। ਜਦੋਂ ਉਨ੍ਹਾਂ ਨੇ ਮੂੰਹ ਖੋਲ੍ਹੇ ਤਾਂ ਮੇਰੇ ਲੜਕੇ ਨੇ ਉਨ੍ਹਾਂ ਵਿਚੋਂ ਇੱਕ ਨੂੰ ਪਛਾਣ ਲਿਆ ਅਤੇ ਦੱਸਿਆ ਕਿ ਉਹ 'ਵਾਰਿਸ ਪੰਜਾਬ ਦੇ' ਦਾ ਮੁਖੀ ਅੰਮ੍ਰਿਤਪਾਲ ਸਿੰਘ ਵਾਸੀ ਜੱਲੂਪੁਰ ਖੇੜਾ ਹੈ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ
ਪਰਿਵਾਰ ਵਲੋਂ ਦਿਤੀ ਸ਼ਿਕਾਇਤ ਵਿਚ ਲਿਖਿਆ ਗਿਆ ਹੈ ਕਿ ਦੋਹਾਂ ਨੂੰ ਉਨ੍ਹਾਂ ਨੇ ਪਾਣੀ ਵੀ ਪਿਆਇਆ ਜਿਸ ਮਗਰੋਂ ਦੋਹਾਂ ਨੌਜਵਾਨਾਂ ਨੇ ਆਪਣੀਆਂ ਜੈਕਟਾਂ ਇੱਕ ਦੂਜੇ ਨਾਲ ਬਦਲ ਕੇ ਪਾਈਆਂ। ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ ਮੇਰੇ ਲੜਕੇ ਦੇ ਸਿਰ 'ਤੇ ਪਿਸਤੌਲ ਰੱਖ ਕੇ ਮੋਟਰਸਾਈਕਲ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਲੋਈ, ਪਰਨਾ ਤੇ ਐਨਕਾਂ ਦੀ ਵੀ ਮੰਗ ਕੀਤੀ। ਮੇਰੇ ਪੁੱਤਰ ਵਲੋਂ ਸਾਰੀਆਂ ਚੀਜ਼ਾਂ ਦਿਤੀਆਂ ਗਈਆਂ ਤੇ ਅੰਮ੍ਰਿਤਪਾਲ ਸਿੰਘ ਨੇ ਮੇਰੇ ਪੁੱਤਰ ਵਲੋਂ ਦਿਤੇ ਪਰਨੇ ਨਾਲ ਮੂੰਹ ਲਪੇਟ ਲਿਆ ਅਤੇ ਆਪਣਾ ਪਰਨਾ ਬੈਗ ਵਿਚ ਪਾ ਲਿਆ।
ਇੰਨਾ ਹੀ ਨਹੀਂ ਪਰਿਵਾਰ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਨੂੰ ਧਮਕੀ ਦਿਤੀ ਕਿ ਜੇਕਰ ਉਹ ਉਨ੍ਹਾਂ ਨੂੰ ਸਤਲੁਜ ਦਰਿਆ ਪਾਰ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਗੋਲੀਆਂ ਮਾਰ ਕੇ ਮਾਰ ਦੇਣਗੇ। ਜਿਸ 'ਤੇ ਉਨ੍ਹਾਂ ਨੇ ਉਵੇਂ ਹੀ ਕੀਤੇ ਜਿਵੇਂ ਅੰਮ੍ਰਿਤਪਾਲ ਸਿੰਘ ਹੁਣੀ ਚਾਹੁੰਦੇ ਸਨ। ਉਨ੍ਹਾਂ ਦੱਸਿਆ ਕਿ ਰਸਤੇ ਵਿਚ ਅੰਮ੍ਰਿਤਪਾਲ ਸਿੰਘ ਹੁਣਾ ਦਾ ਮੋਟਰਸਾਈਕਲ ਖਰਾਬ ਹੋ ਗਿਆ ਸੀ ਜਿਸ 'ਤੇ ਉਨ੍ਹਾਂ ਨੇ ਪਿੰਡੋਂ ਫੋਨ ਕਰ ਕੇ ਇੱਕ ਸਕੂਟੀ ਮੰਗਵਾਈ। ਅੱਗੇ ਬੇੜੀ ਨਾ ਮਿਲਣ ਕਾਰਨ ਉਹ ਫਿਰ ਪਿੰਡ ਵਿਚੋਂ ਲੁਕਦੇ ਹੋਏ ਹੀ ਉਨ੍ਹਾਂ ਨੂੰ ਸਤਲੁਜ ਦਰਿਆ ਪਾਰ ਕਰਵਾ ਕੇ ਆਏ। ਇਹ ਸਾਰਾ ਵਾਕਿਆ ਇਸ ਸ਼ਿਕਾਇਤ ਵਿਚ ਬਿਆਨ ਕੀਤਾ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਡਰ ਕਾਰਨ ਕਿਸੇ ਨੂੰ ਇਸ ਬਾਰੇ ਨਹੀਂ ਦੱਸਿਆ ਪਰ ਹੁਣ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ ਤਾਂ ਜੋ ਉਨ੍ਹਾਂ ਨੂੰ ਡਰਾਉਣ ਧਮਕਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਪੁਲਿਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।