ਕੋਟਲੀ ਕਲਾਂ ਕਤਲ ਮਾਮਲਾ: 25 ਕਿੱਲੇ ਜ਼ਮੀਨ ਦੇ ਲਾਲਚ ’ਚ ਕੀਤੀ ਸੀ ਹਰਉਦੈਵੀਰ ਦੀ ਹੱਤਿਆ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਚਾਚੀ ਅਤੇ ਉਸ ਦੇ ਸੱਸ-ਸਹੁਰਾ ਸਣੇ 4 ਮੁਲਜ਼ਮ ਨਾਮਜ਼ਦ

Kotli kalan murder case

 

ਮਾਨਸਾ: ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਚ 6 ਸਾਲਾ ਮਾਸੂਮ ਦੇ ਕਤਲ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ। ਤਾਜ਼ਾ ਜਾਣਕਰੀ ਅਨੁਸਾਰ ਹਰਉਦੈਵੀਰ ਦੀ ਹੱਤਿਆ 25 ਕਿੱਲੇ ਜ਼ਮੀਨ ਦੇ ਲਾਲਚ ਵਿਚ ਕੀਤੀ ਗਈ ਹੈ। ਮਾਨਸਾ ਪੁਲਿਸ ਨੇ ਤਿੰਨ ਮੁੱਖ ਮੁਲਜ਼ਮਾਂ ਤੋਂ ਬਾਅਦ ਦੋ ਔਰਤਾਂ ਸਣੇ ਚਾਰ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਕੇਸ ਦੀ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਮ੍ਰਿਤਕ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਦੇ ਚਾਚਾ ਤੇ ਚਾਚੇ ਦੀ ਵਿਧਵਾ ਨੂੰਹ ਮਨਪ੍ਰੀਤ ਕੌਰ ਨੇ ਕਥਿਤ ਤੌਰ ’ਤੇ ਘੜੀ ਸੀ।

ਇਹ ਵੀ ਪੜ੍ਹੋ: ਢਾਈ ਸਾਲ ਤੋਂ ਪੱਪਲਪ੍ਰੀਤ ਦੇ ਸੰਪਰਕ ਵਿਚ ਸੀ ਅੰਮ੍ਰਿਤਪਾਲ ਨੂੰ ਪਨਾਹ ਦੇਣ ਵਾਲੀ ਬਲਜੀਤ ਕੌਰ

ਉਦੈਵੀਰ ਦੇ ਪਿਤਾ ਜਸਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੇ ਭਰਾ ਦੀ ਮੌਤ 7 ਸਾਲ ਪਹਿਲਾਂ ਹੋਈ ਸੀ ਤੇ ਪਰਿਵਾਰ ਕੋਲ ਕਰੀਬ 25 ਕਿੱਲੇ ਜ਼ਮੀਨ ਹੈ ਅਤੇ ਉਸ ਨੂੰ ਛੱਡ ਕੇ ਉਹਨਾਂ ਦੇ ਪਰਿਵਾਰਾਂ ਵਿਚ ਹੋਰ ਕਿਸੇ ਕੋਲ ਲੜਕਾ ਨਹੀਂ ਹੈ। ਜਸਪ੍ਰੀਤ ਦਾ ਇਲਜ਼ਾਮ ਹੈ ਕਿ ਮਨਪ੍ਰੀਤ ਨੇ ਆਪਣੇ ਸੀਰੀ ਸੇਵਕ ਸਿੰਘ ਨੂੰ ਵੀ ਇਸ ਕੰਮ ਵਿਚ ਆਪਣੇ ਨਾਲ ਰਲਾ ਲਿਆ ਸੀ। ਮਨਪ੍ਰੀਤ ਤੇ ਅਜਾਇਬ ਸਿੰਘ ਨੇ ਹੀ ਸੇਵਕ ਸਿੰਘ ਤੇ ਉਸ ਦੇ ਭਰਾ ਅੰਮ੍ਰਿਤ ਸਿੰਘ ਨੂੰ ਪਿਸਤੌਲ ਲਿਆਉਣ ਲਈ ਪੈਸੇ ਦਿੱਤੇ ਸਨ। ਜਸਪ੍ਰੀਤ ਦਾ ਇਲਜ਼ਾਮ ਹੈ ਕਿ ਜ਼ਮੀਨ ਪ੍ਰਾਪਤ ਕਰਨ ਲਈ ਹੀ ਉਸ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ।

ਇਹ ਵੀ ਪੜ੍ਹੋ: ਅਮਰੀਕਾ ਵਿਚ ਵਪਾਰਕ ਜਾਂ ਟੂਰਿਸਟ ਵੀਜ਼ਾ ਹੋਲਡਰ ਵੀ ਕਰ ਸਕਦੇ ਹਨ ਨੌਕਰੀ ਲਈ ਅਪਲਾਈ

ਮਾਨਸਾ ਪੁਲਿਸ ਨੇ ਮਨਪ੍ਰੀਤ ਕੌਰ, ਅਜਾਇਬ ਸਿੰਘ, ਬਲਵੀਰ ਸਿੰਘ ਤੇ ਵੀਰਪਾਲ ਕੌਰ ਨੂੰ ਨਾਮਜ਼ਦ ਕਰਕੇ ਬਲਵੀਰ ਸਿੰਘ ਅਤੇ ਵੀਰਪਾਲ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੋ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿੰਡ ਕੋਟਲੀ ਕਲਾਂ ’ਚ ਕੁਝ ਦਿਨ ਪਹਿਲਾਂ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਹਰਉਦੈਵੀਰ ਸਿੰਘ (6) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਪੁਲਿਸ ਨੇ ਸੇਵਕ ਸਿੰਘ, ਅੰਮ੍ਰਿਤ ਸਿੰਘ ਤੇ ਚੰਨੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।