ਕਣਕ ਦੀ ਖ਼ਰੀਦ ਦਾ ਜਾਇਜ਼ਾ ਲੈਣ ਸਬੰਧੀ ਕੈਪਟਨ ਨੇ ਕੀਤਾ ਦਾਣਾ ਮੰਡੀਆਂ ਦਾ ਦੌਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਫ਼ਸੀਆਈ ਨੂੰ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿਚੋਂ ਕਣਕ ਦੀ ਫ਼ਸਲ ਚੁੱਕਣ ਦੇ ਦਿਤੇ ਹੁਕਮ

Captain Amarinder Singh visits grain markets

ਫ਼ਰੀਦਕੋਟ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੰਗਰੂਰ ਤੋਂ ਫ਼ਰੀਦਕੋਟ ਜਾਂਦਿਆਂ ਰਸਤੇ ’ਚ ਅਨਾਜ ਮੰਡੀਆਂ ਦਾ ਦੌਰਾ ਕੀਤਾ ਤੇ ਉੱਥੇ ਮੌਜੂਦ ਕਿਸਾਨਾਂ ਦੇ ਰੂ-ਬ-ਰੂ ਹੋਏ। ਉਨ੍ਹਾਂ ਮੰਡੀਆਂ ’ਚ ਹੋ ਰਹੀ ਕਣਕ ਦੀ ਖ਼ਰੀਦ ਜਾ ਜਾਇਜ਼ਾ ਲਿਆ ਤੇ ਨਾਲ ਹੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ 12 ਫ਼ੀ ਸਦੀ ਤੋਂ ਘੱਟ ਨਮੀ ਵਾਲੀ ਕਣਕ ਨੂੰ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿਚੋਂ ਚੁੱਕਣ ਦਾ ਹੁਕਮ ਦਿਤਾ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਚੱਲ ਰਹੇ ਖ਼ਰੀਦ ਦੇ ਕੰਮਾਂ ਦੀ ਸਖ਼ਤ ਨਿਗਰਾਨੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ ਰਿਪੋਰਟ ਲੈਣ ਤਾਂ ਜੋ ਖ਼ਰੀਦ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਦੇਰੀ ਨਾ ਹੋਵੇ। ਇਸ ਮੌਕੇ ਕਿਸਾਨਾਂ ਵਲੋਂ ਸ਼ਿਕਾਇਤ ਕੀਤੀ ਗਈ ਕਿ ਐਫ਼ਸੀਆਈ ਵਲੋਂ ਕਣਕ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਉਨ੍ਹਾਂ ਦੀ ਫ਼ਸਲ ਮੰਡੀਆਂ ਵਿਚ ਹੀ ਪਈ ਹੈ।

ਇਸ ਉਤੇ ਉਨ੍ਹਾਂ ਤੁਰਤ ਐਫ਼ਸੀਆਈ ਦੇ ਇੰਸਪੈਕਟਰ ਇੰਚਾਰਜ ਨੂੰ ਬੁਲਾਇਆ ਤੇ ਬਿਨਾਂ ਕਿਸੇ ਦੇਰੀ ਤੋਂ ਮੰਡੀਆਂ ਵਿਚੋਂ ਕਣਕ ਦੀ ਫ਼ਸਲ ਚੁੱਕਣ ਦੇ ਹੁਕਮ ਦਿਤੇ।