ਅਪਣੇ ਨਿੱਜੀ ਹਿੱਤਾਂ ਲਈ ਧਰਮ ਦੀ ਵਰਤੋਂ ਕਰਨ ਵਾਲੇ ਬਾਦਲ ਸਿੱਖ ਨਹੀਂ ਹੋ ਸਕਦੇ: ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ

Captain Amarinder Singh

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਜਾਰੀ ਇਕ ਬਿਆਨ ’ਚ ਬਾਦਲਾਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਹੜਾ ਵਿਅਕਤੀ ਅਪਣੇ ਨਿੱਜੀ ਫ਼ਾਇਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋ ਕਰਦਾ ਹੈ ਉਹ ਸਿੱਖ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਪਣੇ ਸਿਆਸੀ ਹਿੱਤਾਂ ਲਈ ਧਰਮ ਦੀ ਵਰਤੋਂ ਕੀਤੀ ਹੈ ਤੇ ਅਪਣੇ ਫ਼ਾਇਦੇ ਲਈ ਸਿੱਖਾਂ ਦਾ ਘਾਣ ਕੀਤਾ ਹੈ।

ਬਾਦਲਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਬਹੁਤ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਬਾਦਲ ਸਦਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡੇ ਹਨ। ਸੰਗਰੂਰ ਤੋਂ ਕਾਂਗਰਸ ਦੇ ਐਲਾਨੇ ਗਏ ਉਮੀਦਵਾਰ ਕੇਵਲ ਸਿੰਘ ਢਿਲੋਂ ਵਲੋਂ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਸਮੇਂ ਅੱਜ ਮੁੱਖ ਮੰਤਰੀ ਵੀ ਨਾਲ ਸਨ। ਇਸ ਮੌਕੇ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਅਕਾਲੀ ਉਂਝ ਤਾਂ ਖ਼ੁਦ ਨੂੰ ਸਿੱਖ ਧਰਮ ਦੇ ਰਾਖੇ ਅਖਵਾਉਂਦੇ ਹਨ ਪਰ ਉਨ੍ਹਾਂ ਧਰਮ ਦੀ ਵਰਤੋਂ ਸਦਾ ਆਪਣੇ ਸਿਆਸੀ ਹਿਤਾਂ ਨੂੰ ਹੱਲਾਸ਼ੇਰੀ ਦੇਣ ਲਈ ਹੀ ਕੀਤੀ ਹੈ।

ਇਸ ਦੌਰਾਨ ਕੈਪਟਨ ਨੇ ਕਿਹਾ ਕਿ ਸ਼ੇਰ–ਏ–ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਆ ਕੇ ਮੱਥਾ ਟੇਕਿਆ ਸੀ ਤੇ ਤਨਖ਼ਾਹ ਭੁਗਤੀ ਸੀ। ਉਨ੍ਹਾਂ ਕਿਹਾ ਕਿ ‘ਜਦੋਂ 1984 ’ਚ ਮੇਰੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਸੀ, ਤਦ ਮੈਂ ਕਾਂਗਰਸ ਤੇ ਸਰਕਾਰ ਦੋਵਾਂ ਤੋਂ ਅਸਤੀਫ਼ਾ ਦੇ ਦਿਤਾ ਸੀ।’ ਕੈਪਟਨ ਨੇ ਫਿਰ ਸੁਖਬੀਰ ਬਾਦਲ ’ਤੇ ਵਰ੍ਹਦਿਆਂ ਕਿਹਾ, ‘ਸੁਖਬੀਰ ਸਰਕਾਰੀ ਅਫ਼ਸਰਾਂ ਨੂੰ ਧਮਕੀਆਂ ਦੇ ਰਿਹਾ ਹੈ। ਉਸ ਦੀ ਇੰਨੀ ਹਿੰਮਤ ਕਿਵੇਂ ਪਈ? ਕੀ ਉਹ ਇਹ ਸੋਚਦਾ ਹੈ ਕਿ ਉਹ ਹਾਲੇ ਵੀ ਸੱਤਾ ਵਿਚ ਹੈ? ਪੰਜਾਬ ਦੀ ਜਨਤਾ ਹੁਣ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਸਬਕ ਸਿਖਾਏਗੀ।