13 ਸੀਟਾਂ ਜਿੱਤ ਕੇ ਅਕਾਲੀਆਂ ਨੂੰ ਮਾਂਜਾ ਫੇਰਾਂਗੇ : ਕੈਪਟਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀਆਂ ਨੂੰ ਗੁਰਦਵਾਰਿਆਂ 'ਚੋਂ ਬਾਹਰ ਕੱਢਣ ਲਈ ਕਰਾਂਗੇ ਮਦਦ

Captain Amarinder Singh addressing rally at Sangrur

ਸੰਗਰੂਰ : ਪੰਜਾਬ ਵਿਚ ਹਵਾ ਕਾਂਗਰਸ ਦੇ ਹੱਕ ਵਿਚ ਚੱਲ ਰਹੀ ਹੈ ਕਿਉਂਕਿ ਨਰਿੰਦਰ ਮੋਦੀ ਦੀਆਂ ਨੀਤੀਆਂ ਨੇ ਦੇਸ਼ ਦਾ ਬੁਰਾ ਹਾਲ ਕਰ ਕੇ ਰੱਖ ਦਿਤਾ ਹੈ। ਇਸ ਲਈ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਕਾਂਗਰਸੀ ਉਮੀਦਵਾਰ ਵੱਡੀ ਲੀਡ ਨਾਲ ਜਿੱਤਣਗੇ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿਖੇ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਬਠਿੰਡਾ 'ਚ ਹਰਸਿਮਰਤ ਕੌਰ ਤੇ ਫ਼ਿਰੋਜ਼ਪੁਰ 'ਚ ਸੁਖਬੀਰ ਬਾਦਲ ਨੂੰ ਹਰਾ ਕੇ ਪੂਰੇ ਪੰਜਾਬ ਵਿਚ ਅਕਾਲੀ ਦਲ ਦਾ ਮਾਂਜਾ ਫੇਰਾਂਗੇ। ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਧੜੱਲੇਦਾਰ ਜਿੱਤ ਹਾਸਲ ਕਰੇਗੀ। 

ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਜ਼ੋਰਦਾਰ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਮੋਦੀ ਨੇ ਪਿਛਲੀਆਂ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸਨ ਕਿ ਦੇਸ਼ ਵਿਚ ਨੋਟਬੰਦੀ, ਜੀ.ਐਸ.ਟੀ ਲਿਆਵਾਂਗੇ ਪਰ ਜਿੱਤਣ ਉਪਰੰਤ ਸਾਰਾ ਕੁੱਝ ਫ਼ੇਲ ਹੋ ਗਿਆ। ਮੋਦੀ ਨੇ ਕਿਹਾ ਸੀ ਕਿ ਬਾਹਰਲੇ ਦੇਸ਼ਾਂ ਵਿਚੋਂ ਪੈਸਾ ਲਿਆ ਕੇ 15 ਲੱਖ ਰੁਪਏ ਹਰੇਕ ਦੇ ਖਾਤੇ ਵਿਚ ਆਉਣਗੇ, ਉਹ ਵੀ ਨਹੀਂ ਆਏ, ਮੋਦੀ ਵੱਲੋਂ ਝੂਠ 'ਤੇ ਝੂਠ ਬੋਲਿਆ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ 12 ਫ਼ੀ ਸਦੀ ਨੌਜਵਾਨ ਬੇਰੁਜ਼ਗਾਰ ਹਨ, ਮੋਦੀ ਸਰਕਾਰ ਨੇ ਉਨ੍ਹਾਂ ਵਾਸਤੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਤੇ ਨੋਟਬੰਦੀ ਨੇ ਦੇਸ਼ ਦਾ ਬੇੜਾ ਗਰਕ ਕਰ ਕੇ ਰੱਖ ਦਿਤਾ।

ਹੁਣ ਲੋਕ ਕਿਸ ਵਾਸਤੇ ਭਾਜਪਾ ਨੂੰ ਵੋਟਾਂ ਪਾਉਣਗੇ।  ਅਕਾਲੀ ਦਲ 'ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਇਹ ਅਕਾਲੀ ਹੁਣ ਪੁਰਾਣੇ ਅਕਾਲੀਆਂ ਵਰਗੇ ਨਹੀਂ ਰਹੇ। ਪਹਿਲਾਂ ਅਕਾਲੀ ਦਲ ਨੇ ਮੋਰਚੇ ਲਾ-ਲਾ ਕੇ ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿਚ ਲਿਆਂਦਾ ਅਤੇ ਸਾਰੀ ਜ਼ਿੰਦਗੀ ਅਸੂਲਾਂ ਨਾਲ ਕੱਟੀ ਪਰ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਤਹਿਸ ਨਹਿਸ ਕਰ ਕੇ ਰੱਖ ਦਿਤਾ ਜਿਸ ਕਾਰਨ ਅੱਜ ਅਕਾਲੀ ਦਲ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਬਾਦਲ ਪਰਵਾਰ ਨੂੰ ਬਾਹਰ ਕੱਢਣ ਲਈ ਅਸੀਂ ਹਰ ਸੰਭਵ ਮੱਦਦ ਕਰਾਂਗੇ।

ਇਹ ਅਕਾਲੀ ਦਲ ਵਾਲੇ ਹੰਕਾਰੀ ਲੋਕ ਹਨ ਜਿਹੜੇ ਅਫ਼ਸਰਾਂ ਨੂੰ ਧਮਕੀ ਦਿੰਦੇ ਹਨ। ਉਨ੍ਹਾਂ ਅਫ਼ਸਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਤੁਸੀਂ ਸਹੀ ਤਰੀਕੇ ਨਾਲ ਅਪਣੀ ਡਿਊਟੀ ਕਰਦੇ ਰਹੋ, ਅਸੀਂ ਬੈਠੇ ਹਾਂ, ਦੇਖਦੇ ਹਾਂ, ਕੌਣ ਧਮਕੀ ਦਿੰਦਾ ਹੈ। ਇਸ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਤੇ ਬੀਬੀ ਰਜ਼ੀਆ ਸੁਲਤਾਨਾ, ਬੀਬੀ ਰਾਜਿੰਦਰ ਕੌਰ ਭੱਠਲ, ਦਲਬੀਰ ਸਿੰਘ ਗੋਲਡੀ ਵਿਧਾਇਕ ਧੂਰੀ, ਦਾਮਨ ਥਿੰਦ ਬਾਜਵਾ, ਰਾਜਿੰਦਰ ਰਾਜਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਅਜਾਇਬ ਸਿੰਘ ਰਟੋਲਾਂ, ਮਾਈ ਰੂਪ ਕੌਰ ਬਾਗੜੀਆਂ, ਬੰਟੀ ਗਰਗ, ਵਿਪਨ ਸ਼ਰਮਾ, ਰਣਜੀਤ ਸਿੰਘ ਤੂਰ, ਬਲਵੀਰ ਸਿੰਘ ਘੁੰਮਣ, ਹਰਮਨ ਬਡਲਾ, ਵਰਿੰਦਰ ਪੰਨਵਾਂ, ਮਨਜੀਤ ਸਿੰਘ ਸੋਢੀ, ਬਲਵਿੰਦਰ ਕੁਮਾਰ ਮਿੱਠੂ ਸਰਪੰਚ ਲੱਡਾ ਆਦਿ ਵੀ ਮੌਜੂਦ ਸਨ।