ਕੈਪਟਨ ਨੇ ਦਿੱਤੀ ਚਿਤਾਵਨੀ - 'ਚੋਣਾਂ ਨਾ ਜਿੱਤਣ ਵਾਲੇ ਮੰਤਰੀਆਂ ਦੀ ਕੈਬਨਿਟ 'ਚੋਂ ਹੋਵੇਗੀ ਛੁੱਟੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਕਿਹਾ - ਕਾਂਗਰਸ ਹਾਈ ਕਮਾਨ ਦੇ ਆਦੇਸ਼ ਆਏ ਹਨ

Captain Amarinder Singh said incumbent ministers will be dropped from the cabinet

ਚੰਡੀਗੜ੍ਹ : ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਬਿਆਨ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸਾਫ਼ ਸ਼ਬਦਾਂ 'ਚ ਚਿਤਾਵਨੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਹਾਈ ਕਮਾਨ ਦੇ ਆਦੇਸ਼ ਆਏ ਹਨ। ਇਨ੍ਹਾਂ ਆਦੇਸ਼ਾਂ ਮੁਤਾਬਕ ਜੇ ਪੰਜਾਬ ਸਰਕਾਰ 'ਚ ਸ਼ਾਮਲ ਮੰਤਰੀ ਆਪਣੇ-ਆਪਣੇ ਖੇਤਰਾਂ 'ਚ ਜਿੱਤ ਪ੍ਰਾਪਤ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਕੈਬਨਿਟ 'ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਵੇਗਾ। 

ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸਾਰੇ ਉਮੀਦਵਾਰਾਂ 'ਤੇ ਕਿਸੇ ਵੀ ਹਾਲਤ 'ਚ ਜਿੱਤ ਹਾਸਲ ਕਰਨ ਦਾ ਦਬਾਅ ਬਣਿਆ ਰਹੇਗਾ। ਅਜਿਹੇ 'ਚ ਚੋਣ ਸਮੀਕਰਨ ਕੀ ਬਣਦੇ ਹਨ, ਇਹ ਆਉਣ ਵਾਲਾ ਸਮਾਂ ਦੀ ਦੱਸੇਗਾ। ਪੰਜਾਬ 'ਚ 19 ਮਈ ਨੂੰ ਚੋਣਾਂ ਹੋਣੀਆਂ ਹਨ। ਜ਼ਿਕਰਯੋਗ ਹੈ ਕਿ ਬੀਤੀ ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਪ੍ਰਦਰਸ਼ਨ ਵਧੀਆ ਨਹੀਂ ਰਿਹਾ ਸੀ। ਕੁਲ 13 ਸੀਟਾਂ 'ਚੋਂ ਪਾਰਟੀ ਨੇ ਸਿਰਫ਼ 3 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। 

ਮੌਜੂਦਾ ਸਮੇਂ 'ਚ ਹਾਲਾਤ ਵੱਖਰੇ ਹਨ। ਸੂਬੇ 'ਚ ਕਾਂਗਰਸ ਪਾਰਟੀ ਦੀ ਸਰਕਾਰ ਹੈ। ਅਜਿਹੇ 'ਚ ਕਾਂਗਰਸ ਦਾ ਪੂਰਾ ਜ਼ੋਰ ਸੂਬੇ 'ਚ ਪ੍ਰਦਰਸ਼ਨ ਨੂੰ ਹੋਰ ਵਧੀਆ ਬਣਾਉਣ ਦਾ ਹੈ। ਸੂਬੇ 'ਚ ਇਸ ਵਾਰ ਕਾਂਗਰਸ, ਆਮ ਆਦਮੀ ਪਾਰਟੀ ਅਤੇ ਭਾਜਪਾ-ਅਕਾਲੀ ਦਲ ਵਿਚਕਾਰ ਤਿਕੌਣੀ ਮੁਕਾਬਲਾ ਹੈ।