ਸਿੱਖਿਆ ਸਕੱਤਰ ਵੱਲੋਂ ਕਸ਼ਮੀਰ ਸਿੰਘ ਦੇ ਨਵੇਂ ਗੀਤ 'ਚਲੋ ਚਲੋ ਸਰਕਾਰੀ ਸਕੂਲ' ਦੀ ਘੁੰਡ ਚੁਕਾਈ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਪਾਲੀਵੁੱਡ

ਕਿਹਾ - ਸਰਕਾਰੀ ਸਕੂਲਾਂ ਵਿਚ ਚਲ ਰਹੀ ਦਾਖ਼ਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਇਹ ਗੀਤ ਲਿਖਿਆ ਅਤੇ ਗਾਇਆ

Kashmir Singh news song released by Education Secretary

ਐਸ.ਏ.ਐਸ. ਨਗਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਅੰਮ੍ਰਿਤਸਰ ਦੇ ਹਿੰਦੀ ਅਧਿਆਪਕ ਕਸ਼ਮੀਰ ਸਿੰਘ ਵੱਲੋਂ ਲਿਖਿਆ ਤੇ ਗਾਇਆ ਗੀਤ 'ਚਲੋ ਚਲੋ ਸਰਕਾਰੀ ਸਕੂਲ' ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਹਿੰਦੀ ਅਧਿਆਪਕ ਕਸ਼ਮੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਚਲ ਰਹੀ ਦਾਖ਼ਲਾ ਮੁਹਿੰਮ ਵਿਚ ਵਿਭਾਗ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਗੀਤ ਲਿਖਿਆ ਅਤੇ ਗਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਵੱਲੋਂ ਗੀਤ ਜਾਰੀ ਕਰਵਾ ਕੇ ਉਨ੍ਹਾਂ ਨੂੰ ਬਹੁਤ ਜਿਆਦਾ ਖ਼ੁਸ਼ੀ ਮਹਿਸੂਸ ਹੋਈ ਹੈ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਨੇ ਅਧਿਆਪਕ ਦੀ ਲਗਨ ਅਤੇ ਮਿਹਨਤ ਦੀ ਪ੍ਰਸੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਇਹ ਗੀਤ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਸਾਧਨਾਂ ਰਾਹੀਂ ਭੇਜ ਕੇ ਉਤਸ਼ਾਹਿਤ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਸ਼ਮੀਰ ਸਿੰਘ ਹਿੰਦੀ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਮਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇ 'ਬੱਚਿਓ ਹੁਣ ਤਾਂ ਪੜ੍ਹਣਾ ਹੀ ਪੈਣਾ' ਅਤੇ 'ਨਕਲ ਨੂੰ ਅਲਵਿਦਾ ਕਹੋ ਇਸ ਵਾਰੀ' ਗੀਤ ਵੀ ਸਿੱਖਿਆ ਵਿਭਾਗ ਦੇ ਨਕਲ ਵਿਰੋਧੀ ਮੁਹਿੰਮ ਲਈ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਉਹ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਅੰਦਰ ਸਾਹਿਤਕ ਕਲਾਵਾਂ ਦੀ ਲੋੜ ਬਾਰੇ ਗੀਤ ਲਿਖਣਗੇ। ਇਸ ਮੌਕੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤਪਾਲ ਸਿੰਘ, ਡੀਪੀਆਈ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਅੰਮ੍ਰਿਤਸਰ ਸਲਵਿੰਦਰ ਸਿੰਘ ਸਮਰਾ ਆਦਿ ਹਾਜ਼ਰ ਸਨ।