ਏਸ਼ੀਆਂ ਦੀ ਸੱਭ ਤੋਂ ਵੱਡੀ ਅਨਾਜ ਮੰਡੀ ਵਿਚ ਹੋ ਰਹੀ ਨਿਯਮਾਂ ਦੀ ਉਲੰਘਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਰ ਵੀ ਇਸ ’ਤੇ ਨਾ ਤਾਂ ਫੂਡ ਸਪਲਾਈ ਅਧਿਕਾਰੀ ਅਤੇ ਨਾ ਹੀ ਟ੍ਰੈਫਿਕ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ

Violation of the rules of the biggest grain market in the Asian market

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਖਰੀਦ ਏਜੰਸੀਆਂ ਨਾਲ ਮਿਲ ਕੇ ਟ੍ਰਾਂਸਪੋਰਟ ਠੇਕੇਦਾਰ ਦੁਆਰਾ ਓਵਰਲੋਡਿੰਗ ਦਾ ਧੰਦਾ ਜੋਰਾਂ ’ਤੇ ਚਲਾਇਆ ਜਾ ਰਿਹਾ ਹੈ। ਇਥੋਂ ਦੇ ਠੇਕੇਦਾਰ ਠੇਕਾ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਟ੍ਰੈਫਿਕ ਨਿਯਮਾਂ ਨੂੰ ਵੀ ਧਿਆਨ ਵਿਚ ਰੱਖਦੇ ਹੋਏ ਟ੍ਰੈਫਿਕ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਇਕ ਟਰੱਕ ਵਿਚ 500 ਦੇ ਕਰੀਬ ਬੋਰੀਆਂ ਲੋਡ ਕੀਤੀਆਂ ਜਾ ਰਹੀਆਂ ਹਨ। ਜਦਕਿ ਕਾਨੂੰਨ ਤਹਿਤ ਇਹ ਬਿਲਕੁਲ ਗ਼ਲਤ ਹੈ।

ਇਸ ਨਾਲ ਹਾਦਸਿਆਂ ਦਾ ਵੀ ਡਰ ਰਹਿੰਦਾ ਹੈ। ਫਿਰ ਵੀ ਇਸ ’ਤੇ ਨਾ ਤਾਂ ਫੂਡ ਸਪਲਾਈ ਅਧਿਕਾਰੀ ਅਤੇ ਨਾ ਹੀ ਟ੍ਰੈਫਿਕ ਪੁਲਿਸ ਕੋਈ ਕਾਰਵਾਈ ਕਰ ਰਹੀ ਹੈ। ਬੁੱਧਵਾਰ ਵੀ ਸ਼ਰੇਆਮ ਓਵਰਲੋਡਿੰਗ ਕਰ ਵੇਅਰਹਾਊਸ ਦੇ ਗੋਦਾਮ ਵਿਚ ਬੋਰੀਆਂ ਉਤਾਰੀਆਂ ਜਾ ਰਹੀਆਂ ਸਨ। ਇਕ ਟਰੱਕ ਵਿਚ 500 ਤਕ ਬੋਰੀਆਂ ਲੋਡ ਕਰਕੇ ਟਰੱਕ ਮੰਡੀ ਤੋਂ ਬਾਹਰ ਲਿਜਾਏ ਜਾ ਰਹੇ ਹਨ।

ਹੈਰਾਨੀ ਦੀ ਗੱਲ ਇਹ ਹੈ ਕਿ ਖਰੀਦ ਏਜੰਸੀਆਂ ਦੁਆਰਾ ਵੀ ਅੱਖਾਂ ਬੰਦ ਕਰਕੇ ਇਹਨਾਂ ਦਾ ਗੇਟ ਪਾਸ ਕੱਟਿਆ ਜਾ ਰਿਹਾ ਹੈ। ਜਿਸ ਨਾਲ ਸਵਾਲ ਪੈਦਾ ਹੁੰਦੇ ਹਨ ਕਿ ਠੇਕੇਦਾਰ ਅਤੇ ਅਧਿਕਾਰੀਆਂ ਦੀ ਸਾਂਝੇਦਾਰੀ ਨਾਲ ਇਹ ਕੰਮ ਕੀਤਾ ਜਾ ਰਿਹਾ ਹੈ। ਵੇਅਰਹਾਊਸ ਮੈਨੇਜਰ ਮਨਪ੍ਰੀਤ ਸਿੰਘ ਦੇ ਰਿਕਾਰਡ ਵਿਚ 500 ਤਕ ਬੋਰੀਆਂ ਇਕ ਟਰੱਕ ਵਿਚ ਲੋਡ ਦਰਜ ਹਨ। ਫਿਰ ਵੀ ਉਹ ਕਹਿੰਦੇ ਹਨ ਕਿ ਸੱਭ ਠੀਕ ਚਲ ਰਿਹਾ ਹੈ।

ਆੜਤੀ ਜ਼ਿਆਦਾ ਲੋਡਿੰਗ ਕਰਵਾ ਦਿੰਦੇ ਹਨ। ਬਾਕੀ ਕੋਈ ਗੱਲ ਨਹੀਂ ਹੈ। ਉਹਨਾਂ ਨੇ ਕਿਹਾ ਕਿ ਨਿਯਮਾਂ ਦੇ ਵਿਰੁੱਧ ਕੋਈ ਵੀ ਕੰਮ ਨਹੀਂ ਹੋ ਰਿਹਾ। ਠੇਕੇਦਾਰ ਰਾਜੂ ਨੇ ਕਿਹਾ ਕਿ ਉਹਨਾਂ ਨੇ ਏਜੰਸੀ ਜੋ ਵੀ ਗੇਟ ਪਾਸ ਕੱਟ ਦਿੰਦੀ ਹੈ ਉਸ ਹਿਸਾਬ ਨਾਲ ਲੋਡਿੰਗ ਕੀਤੀ ਜਾਂਦੀ ਹੈ। ਏਜੰਸੀ ਦੇ ਅਧਿਕਾਰੀ ਜਿੰਨੀਆਂ ਬੋਰੀਆਂ ਦਿੰਦੇ ਹਨ ਉੰਨੀ ਹੀ ਲੋਡਿੰਗ ਹੁੰਦੀ ਹੈ। ਇਸ ਵਿਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਏਜੰਸੀ ਗੇਟ ਪਾਸ ਨਾ ਕੱਟੇ ਉਹ ਓਵਰਲੋਡਿੰਗ ਨਹੀਂ ਕਰਵਾਉਣਗੇ।