Punjab News: ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਕੇ ਕੀਤੀ ਖੁਦਕੁਸ਼ੀ; ਪਤੀ ਦੇ ਨਾਜਾਇਜ਼ ਸਬੰਧਾਂ ਦੇ ਚਲਦਿਆਂ ਚੁੱਕਿਆ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਨੇ ਸੱਸ 'ਤੇ ਵੀ ਲਗਾਏ ਕੁੱਟਮਾਰ ਦੇ ਇਲਜ਼ਾਮ

Property dealer's wife committed suicide

Punjab News:  ਲੁਧਿਆਣਾ ਵਿਚ ਇਕ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਜ਼ਹਿਰ ਨਿਗਲ ਲਿਆ, ਜਿਸ ਮਗਰੋਂ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਔਰਤ ਲੰਬੇ ਸਮੇਂ ਤੋਂ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਸੀ। ਮ੍ਰਿਤਕਾ ਦੇ ਪਿਤਾ ਨੇ ਧੀ ਦੀ ਸੱਸ 'ਤੇ ਵੀ ਕੁੱਟਮਾਰ ਦਾ ਇਲਜ਼ਾਮ ਲਗਾਇਆ ਹੈ। ਥਾਣਾ ਦੁੱਗਰੀ ਦੀ ਪੁਲਿਸ ਨੇ ਮ੍ਰਿਤਕ ਦਲਬੀਰ ਕੌਰ ਦੇ ਪਿਤਾ ਸ਼ਾਮ ਸਿੰਘ ਵਾਸੀ ਫਰੀਦਕੋਟ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ।  

ਸ਼ਾਮ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਉਸ ਦੀ ਧੀ ਅਪਣੇ ਪਤੀ ਨਵਤੇਜ ਸਿੰਘ ਗੋਲਡੀ ਦੇ ਨਾਜਾਇਜ਼ ਸਬੰਧਾਂ ਤੋਂ ਬਹੁਤ ਪਰੇਸ਼ਾਨ ਸੀ। ਉਸ ਦੇ ਅਪਣੇ ਦਫਤਰ ਦੀ ਕਰਮਚਾਰੀ ਚਰਨਜੀਤ ਕੌਰ ਨਾਲ ਸਬੰਧ ਸਨ, ਜਿਸ ਕਾਰਨ ਘਰ ਵਿਚ ਅਕਸਰ ਕਲੇਸ਼ ਰਹਿੰਦਾ ਸੀ। ਉਨ੍ਹਾਂ ਦਸਿਆ ਕਿ ਨਵਤੇਜ ਹੋਟਲ ਕੀਜ਼ ਨੇੜੇ ਹੀ ਪ੍ਰਾਪਰਟੀ ਕਾਰੋਬਾਰੀ ਵਜੋਂ ਕੰਮ ਕਰਦਾ ਹੈ। ਜਦੋਂ ਦਲਬੀਰ ਨੂੰ ਨਵਤੇਜ ਦੇ ਚਰਨਜੀਤ ਕੌਰ ਨਾਲ ਨਾਜਾਇਜ਼ ਸਬੰਧਾਂ ਬਾਰੇ ਪਤਾ ਲੱਗਿਆ ਤਾਂ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ।

ਸ਼ਾਮ ਸਿੰਘ ਨੇ ਦਸਿਆ ਕਿ ਉਸ ਨੂੰ ਅਚਾਨਕ ਦੋਹਤੇ ਦਾ ਫੋਨ ਆਇਆ ਕਿ ਉਸ ਦੀ ਮਾਂ ਦਲਬੀਰ ਕੌਰ ਬੇਹੋਸ਼ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਅਪਣੇ ਬੇਟੇ ਹਰਸਿਮਰਤ ਸਿੰਘ ਨੂੰ ਮੌਕੇ 'ਤੇ ਭੇਜਿਆ। ਉਸ ਨੇ ਅਪਣੀ ਭੈਣ ਨੂੰ ਡੀਐਮਸੀ ਹਸਪਤਾਲ ਵਿਚ ਦਾਖਲ ਕਰਵਾਇਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦਸਿਆ ਕਿ ਦਲਬੀਰ ਕੌਰ ਦੀ ਦੇਰ ਰਾਤ ਮੌਤ ਹੋ ਗਈ।

ਸ਼ਿਕਾਇਤਕਰਤਾ ਨੇ ਦਸਿਆ ਕਿ ਉਸ ਦੀ ਧੀ ਦੀ ਮੌਤ ਦਾ ਕਾਰਨ ਨਵਤੇਜ ਸਿੰਘ ਅਤੇ ਚਰਨਜੀਤ ਕੌਰ ਵਿਚਾਲੇ ਨਾਜਾਇਜ਼ ਸਬੰਧ ਸਨ। ਜਦੋਂ ਦਲਬੀਰ ਕੌਰ ਨਾਜਾਇਜ਼ ਸਬੰਧਾਂ ਨੂੰ ਲੈ ਕੇ ਅਪਣੇ ਪਤੀ ਦਾ ਵਿਰੋਧ ਕਰਦੀ ਸੀ ਤਾਂ ਉਸ ਦਾ ਪਤੀ ਅਤੇ ਸੱਸ ਪਰਮਜੀਤ ਕੌਰ ਉਸ ਨਾਲ ਕੁੱਟਮਾਰ ਕਰਦੇ ਸਨ।

ਸ਼ਾਮ ਸਿੰਘ ਨੇ ਦਸਿਆ ਕਿ ਧੀ ਅਪਣੇ ਪਤੀ ਅਤੇ ਸੱਸ ਤੋਂ ਇੰਨੀ ਪਰੇਸ਼ਾਨ ਸੀ ਕਿ ਉਸ ਨੇ ਜ਼ਹਿਰ ਖਾ ਕੇ ਅਪਣੀ ਜਾਨ ਲੈ ਲਈ। ਪੁਲਿਸ ਨੇ ਸ਼ਾਮ ਸਿੰਘ ਦੀ ਸ਼ਿਕਾਇਤ 'ਤੇ ਨਵਤੇਜ ਸਿੰਘ ਉਰਫ ਗੋਲਡੀ, ਪਰਮਜੀਤ ਕੌਰ ਅਤੇ ਚਰਨਜੀਤ ਕੌਰ ਖਿਲਾਫ ਖੁਦਕੁਸ਼ੀ ਲਈ ਉਕਸਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।