ਮੰਤਰੀ ਰੰਧਾਵਾ ਨੇ ਗਿੱਦੜਬਾਹਾ ਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਸਹਿਕਾਰਤਾ ਵਿਭਾਗ ਪੰਜਾਬ ਦੀ ਕਿਸਾਨੀ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨ ...

Sukhjinder Singh Randhawa Giving Certificates to Farmers

ਗਿੱਦੜਬਾਹਾ, 23 ਮਈ  (ਅੰਮ੍ਰਿਤ ਗੋਇਲ):  ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਹੈ ਕਿ ਸਹਿਕਾਰਤਾ ਵਿਭਾਗ ਪੰਜਾਬ ਦੀ ਕਿਸਾਨੀ ਨੂੰ ਆਰਥਕ ਤੌਰ 'ਤੇ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਏਗਾ ਅਤੇ ਰਾਜ ਦੀਆਂ ਸਹਿਕਾਰੀ ਸਭਾਵਾਂ ਸਮੇਤ ਸਾਰੇ ਸਹਿਕਾਰੀ ਅਦਾਰਿਆਂ ਨੂੰ ਖੇਤੀ ਵਿਕਾਸ ਦੇ ਆਧਾਰ ਸਤੰਭ ਵਜੋਂ ਵਿਕਸਤ ਕੀਤਾ ਜਾਵੇਗਾ। ਸਹਿਕਾਰਤਾ ਮੰਤਰੀ ਸ: ਰੰਧਾਵਾ ਅੱਜ ਇੱਥੇ ਗਿੱਦੜਬਾਹਾ ਅਤੇ ਮਲੋਟ ਹਲਕੇ ਦੇ ਕਿਸਾਨਾਂ ਨੂੰ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡਣ ਲਈ ਕਰਵਾਏ ਸਮਾਗਮ ਮੌਕੇ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। 

ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਅਪਣੇ ਸੰਬੋਧਨ ਦੌਰਾਨ ਦਸਿਆ ਕਿ ਸੂਬੇ ਭਰ ਵਿਚ 10 ਲੱਖ ਕਿਸਾਨਾਂ ਨੂੰ 9500 ਕਰੋੜ ਰੁਪਏ ਦੀ ਕੁੱਲ ਕਰਜ਼ਾ ਰਾਹਤ ਦਿਤੀ ਜਾਣੀ ਹੈ। ਉਨ੍ਹਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਬੰਦ ਪਈਆਂ ਸਹਿਕਾਰੀ ਸਭਾਵਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਦੀਆਂ 3500 ਸਹਿਕਾਰੀ ਸਭਾਵਾਂ ਦਿਹਾਤੀ ਵਿਕਾਸ ਦਾ ਆਧਾਰ ਬਣਨਗੀਆਂ। 

ਵੱਡੇ ਡਿਫ਼ਾਲਟਰਾਂ ਦੀ ਗੱਲ ਕਰਦਿਆਂ ਸਹਿਕਾਰੀ ਮੰਤਰੀ ਨੇ ਕਿਹਾ ਕਿ ਹੁਣ ਤਕ 6.5 ਕਰੋੜ ਦੀ ਰਿਕਵਰੀ ਹੋ ਚੁੱਕੀ ਹੈ। ਇਸ ਮੌਕੇ ਉਨ੍ਹਾਂ ਨੇ ਅਪਣੇ ਅਖਤਿਆਰੀ ਫ਼ੰਡ ਵਿਚੋਂ ਗਿੱਦੜਬਾਹਾ  ਹਲਕੇ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ  ਪੰਜਾਬ ਸਰਕਾਰ ਵਲੋਂ ਹੁਣ ਤਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 9404 ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾ ਚੁੱਕਾ ਹੈ ਜਿਸ ਦੀ ਕੁਲ ਰਕਮ 49.41 ਕਰੋੜ ਬਣਦੀ ਹੈ। ਸਮਾਗਮ ਨੂੰ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਕੁਲਬੀਰ ਸਿੰਘ ਜੀਰਾ, ਗੁਰਮੀਤ ਸਿੰਘ ਖੁੱਡੀਆਂ ਜ਼ਿਲ੍ਹਾ ਪ੍ਰਧਾਨ ਕਾਂਗਰਸ, ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ, ਐਸ.ਐਸ.ਪੀ. ਸੁਸ਼ੀਲ ਕੁਮਾਰ, ਐਸ.ਡੀ.ਐਮ. ਨਰਿੰਦਰ ਸਿੰਘ, ਅਮਨਦੀਪ ਸਿੰਘ ਭੱਟੀ, ਨਰਿੰਦਰ ਸਿੰਘ ਕਾਉਣੀ, ਐਸ.ਕੇ. ਬਾਤੀਸ਼ ਐਮ.ਡੀ. ਪੰਜਾਬ ਰਾਜ ਸਹਿਕਾਰੀ ਬੈਂਕ, ਹਰਚਰਨ ਸਿੰਘ ਸੋਥਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।