ਕੋਰੋਨਾ ਨੂੰ ਕਾਬੂ ਕਰਨ 'ਚ ਪੰਜਾਬ ਪੂਰੇ ਦੇਸ਼ 'ਚੋਂ ਨੰਬਰ ਇਕ ਸੂਬਾ ਬਣਿਆ : ਬਲਵੀਰ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੂਰਅੰਦੇਸ਼ੀ ਅਤੇ ਸਮੇਂ ਸਿਰ ਲਏ ਫ਼ੈਸਲਿਆਂ ਕਾਰਨ ਹੀ ਪੰਜਾਬ.......

file photo

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੂਰਅੰਦੇਸ਼ੀ ਅਤੇ ਸਮੇਂ ਸਿਰ ਲਏ ਫ਼ੈਸਲਿਆਂ ਕਾਰਨ ਹੀ ਪੰਜਾਬ ਕੋਰੋਨਾ ਦੀ ਭਿਆਨਕ ਬੀਮਾਰੀ ਨੂੰ ਰੋਕਣ ਵਿਚ ਸਫ਼ਲ ਹੋ ਰਿਹਾ ਹੈ।

ਲਾਕਡਾਊਨ ਦੀਆਂ ਛੋਟਾਂ ਮਿਲਣ ਤੋਂ ਪਿਛੋਂ ਦੁਕਾਨਾਂ ਖੁਲ੍ਹਣ  ਬਾਅਦ ਦੁਕਾਨਦਾਰਾਂ ਨੂੰ ਮੋਹਾਲੀ ਵਿਚ ਮਿਲਣ ਨਿਕਲੇ ਸੂਬੇ ਦੇ ਸਿਹਤ ਤੇ ਪਰਵਾਰ ਕਲਿਆਣ ਵਿਭਾਗ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਗੱਲਬਾਤ 'ਚ ਕਿਹਾ ਕਿ ਕੋਰੋਨਾ ਨੂੰ ਕੰਟਰੋਲ ਕਰਨ ਦੇ ਮਾਮਲੇ ਵਿਚ ਪੰਜਾਬ ਪੂਰੇ ਦੇਸ਼ 'ਚੋਂ ਪਹਿਲੇ ਨੰਬਰ ਦਾ ਸੂਬਾ ਬਣ ਗਿਆਹੈ।

ਕੋਵਿਡ-19 ਮਹਾਂਮਾਰੀ ਦੀ ਲੜਾਈ ਵਿਚ ਪੰਜਾਬ ਮਿਸ਼ਨ ਫ਼ਤਿਹ ਵੱਲ ਕਾਮਯਾਬੀ ਨਾਲ ਵਧ ਰਿਹਾ ਹੈ ਪਰ ਅੰਤ ਨਹੀਂ ਹੋਇਆ ਅਤੇ ਲੜਾਈ ਹਾਲੇ ਹੋਰ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਭਾਵੇਂ 10-15 ਕੇਸ ਹੁਣ ਦਿਨ ਵਿਚ ਆ ਰਹੇ ਹਨ ਪਰ ਸਥਿਤੀ ਸੰਭਾਲਣ ਵਿਚ ਅਸੀ ਸਫ਼ਲ ਹੋਏ ਹਾਂ।

ਉਨ੍ਹਾਂ ਕਿਹਾ ਕਿ ਇਹ ਸਫ਼ਲਤਾ ਮੁੱਖ ਮੰਤਰੀ ਸਾਹਿਬ ਵਲੋਂ ਲਾਈ ਡਿਊਟੀ ਤਨਦੇਹੀ ਨਾਲ ਨਿਭਾਉਣ ਅਤੇ ਅਫ਼ਸਰਸ਼ਾਹੀ ਦੇ ਸਹਿਯੋਗ ਨਾਲ ਸੰਭਵ ਹੋ ਰਹੀ ਹੈ। ਮੁੱਖ ਮੰਤਰੀ ਦੀ ਦੂਰ ਅੰਦੇਸ਼ੀ ਦਾ ਹੀ ਸਿੱਟਾ ਸੀ ਕਿ ਕਰਫ਼ਿਊ ਲਾਉਣ ਦੀ ਗੱਲ ਹੋਵੇ ਜਾਂ ਹੋਰ ਕਦਮ ਪੰਜਾਬ ਤੋਂ ਬਾਅਦ ਦੂਜੇ ਸੂਬਿਆਂ ਵਿਚ ਲਾਗੂ ਹੋਵੇ।

ਉਨ੍ਹਾਂ ਕਿਹਾ ਕਿ ਭਾਵੇਂ ਸੂਬੇ ਵਿਚ ਕੋਰੋਨਾ ਨਾਲ ਹੋਈਆਂ 40 ਮੌਤਾਂ ਦੁਖਦਾਈ ਹਨ ਪਰ ਇਕ ਗੱਲ ਇਹ ਵੀ ਹੈ ਕਿ ਇਨ੍ਹਾਂ ਵਿਚ ਜ਼ਿਆਦਾਤਰ ਹੋਰ ਕਈ ਗੰਭੀਰ ਬੀਮਾਰੀਆਂ ਤੋਂ ਵੀ ਪੀੜਤ ਸਨ।

ਕੇਂਦਰ ਸਰਕਾਰ ਵਲੋਂ ਏਕਾਂਤਵਾਸ ਦੇ ਨਿਯਮਾਂ ਵਿਚ ਤਬਦੀਲੀ ਦੇ ਮਾੜੇ ਪ੍ਰਭਾਵਾਂ ਸਬੰਧੀ ਪੈਦਾ ਸ਼ੰਕਿਆਂ ਬਾਰੇ ਉਨ੍ਹਾਂ ਕਿਹਾ ਕਿ ਸਿਰਫ਼ ਗ਼ੈਰ ਲੱਛਣ ਵਾਲੇ ਹੀ ਘਰ ਭੇਜੇ ਜਾ ਰਹੇ ਹਨ ਅਤੇ ਲੱਛਣ ਵਾਲੇ ਮਰੀਜ਼ਾਂ ਨੂੰ ਨਹੀਂ।

ਬਾਹਰੋਂ ਆ ਰਹੇ ਐਨ.ਆਰ.ਆਈਜ਼. ਅਤੇ ਹੋਰ ਸੂਬਿਆਂ ਤੋਂ ਆ ਰਹੇ ਲੋਕਾਂ ਨੂੰ ਨਿਯਮਾਂ ਤਹਿਤ ਚੈੱਕਅਪ ਕਰ ਕੇ ਏਕਾਂਤਵਾਸ ਕੀਤਾ ਜਾ ਰਿਹਾ ਹੈ। ਇਨ੍ਹਾਂ ਨੂੰ ਸਥਾਨਕ ਲੋਕਾਂ ਨਾਲ ਮਿਲਣ ਜੁਲਣ ਤੋਂ ਰੋਕਣ ਵੱਲ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।

ਘਰੇਲੂ ਫਲਾਈਟਾਂ ਸ਼ੁਰੂ ਹੋਣ ਬਾਰੇ ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ 'ਤੇ ਪਹਿਲਾਂ ਹੀ ਪੂਰੇ ਚੈਕਅਪ ਦੇ ਪ੍ਰਬੰਧ ਕੀਤੇ ਗਏ ਹਨ। ਨਿਜੀ ਹਸਪਤਾਲਾਂ ਦੀਆਂ ਸੇਵਾਵਾਂ ਸ਼ਾਮਲ ਕਰਨ ਬਾਰੇ ਫ਼ੈਸਲੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਅਗਾਊਂ ਤਿਅਰੀ ਵਜੋਂ ਕੀਤਾ ਗਿਆ ਹੈ। ਭਾਵੇਂ ਸਥਿਤੀ ਕਾਬੂ ਵਿਚ ਹੈ ਪਰ ਅਚਾਨਕ ਕੋਈ ਐਮਰਜੈਂਸੀ ਹਾਲਾਤ ਬਣਦੇ ਹਨ ਤਾਂ ਇਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।