ਸ਼ਹੀਦ ਹੌਲਦਾਰ ਮਨਦੀਪ ਸਿੰਘ ਮਾਰਗ ਰਖਿਆ ਗਿਆ ਦੋਰਾਹਾ ਤੋਂ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਂਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਚਣਕੋਈਆਂ ਕਲਾਂ ਦੇ ਸ਼ਹੀਦ ਜਵਾਨ ਨੂੰ ਪੰਜਾਬ ਸਰਕਾਰ ਵਲੋਂ ਸ਼ਰਧਾਂਜਲੀ

Punjab News

ਜੰਮੂ ਕਸ਼ਮੀਰ 'ਚ ਅਤਿਵਾਦੀ ਹਮਲੇ ਦੌਰਾਨ ਹੋਇਆ ਸੀ ਸ਼ਹੀਦ 

ਦੋਰਾਹਾ :  ਜੰਮੂ ਕਸ਼ਮੀਰ 'ਚ ਸ਼ਹੀਦ ਹੋਏ ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਦੇ ਮਨਦੀਪ ਸਿੰਘ ਦੀ ਯਾਦ 'ਚ ਦੋਰਾਹਾ ਤੋਂ ਲੈ ਕੇ ਸ਼ਹੀਦ ਦੇ ਪਿੰਡ ਨੂੰ ਜਾਣ ਵਾਲੀ ਸੜਕ ਦਾ ਨਾਂਅ ਸ਼ਹੀਦ ਹੌਲਦਾਰ ਮਨਦੀਪ ਸਿੰਘ ਮਾਰਗ ਰਖਿਆ ਗਿਆ। ਇਸ ਦਾ ਨੀਂਹ ਪੱਥਰ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਰੱਖਿਆ। ਪ੍ਰਵਾਰ ਦੀਆਂ ਬਾਕੀ ਮੰਗਾਂ ਵੀ ਛੇਤੀ ਪੂਰੀਆਂ ਕਰਨ ਦਾ ਭਰੋਸਾ ਦਿਤਾ ਗਿਆ। ਉਥੇ ਹੀ ਪ੍ਰਵਾਰ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੇ ਵਾਅਦੇ ਮੁਤਾਬਕ ਪਿੰਡ ਅੰਦਰ ਖੇਡ ਸਟੇਡੀਅਮ ਛੇਤੀ ਬਣਾਇਆ ਜਾਵੇ। 

ਦਸਣਯੋਗ ਹੈ ਕਿ ਜੰਮੂ ਕਸ਼ਮੀਰ 'ਚ 20 ਅਪ੍ਰੈਲ ਨੂੰ ਹੋਏ ਅਤਿਵਾਦੀ ਹਮਲੇ 'ਚ ਪੰਜਾਬ ਦੇ 4 ਫ਼ੌਜੀ ਸ਼ਹੀਦ ਹੋ ਗਏ ਸਨ। ਇਨ੍ਹਾਂ 'ਚ ਦੋਰਾਹਾ ਦੇ ਪਿੰਡ ਚਣਕੋਈਆਂ ਕਲਾਂ ਦਾ ਮਨਦੀਪ ਸਿੰਘ ਵੀ ਸ਼ਾਮਲ ਸੀ। ਸ਼ਹੀਦ ਮਨਦੀਪ ਸਿੰਘ ਦੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸਨ, ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਸ਼ਹੀਦ ਦੇ ਨਾਂਅ ਉਪਰ ਪਿੰਡ ਦੇ ਸਕੂਲ ਦਾ ਨਾਂਅ ਰਖਿਆ ਜਾਵੇਗਾ। ਦੋਰਾਹਾ ਤੋਂ ਪਿੰਡ ਨੂੰ ਆਉਣ ਵਾਲੀ ਸੜਕ ਸ਼ਹੀਦ ਦੇ ਨਾਂਅ ਉਪਰ ਹੋਵੇਗੀ ਅਤੇ ਇਸ ਨੂੰ 18 ਫੁੱਟ ਚੌੜਾ ਕੀਤਾ ਜਾਵੇਗਾ। ਪ੍ਰਵਾਰ ਨੂੰ 1 ਕਰੋੜ ਰੁਪਏ ਦੀ ਰਾਸ਼ੀ ਦਿੰਦੇ ਹੋਏ ਹੋਰ ਵੀ ਵਾਅਦੇ ਕੀਤੇ ਗਏ ਸੀ। 

ਇਸ ਮੁਤਾਬਕ ਹਲਕਾ ਵਿਧਾਇਕ ਗਿਆਸਪੁਰਾ ਨੇ ਦੋਰਾਹਾ ਤੋਂ ਪਿੰਡ ਚਣਕੋਈਆਂ ਕਲਾਂ ਨੂੰ ਆਉਣ ਵਾਲੀ ਸੜਕ ਦਾ ਨਾਂਅ ਸ਼ਹੀਦ ਹੌਲਦਾਰ ਮਨਦੀਪ ਸਿੰਘ ਮਾਰਗ ਰਖਦੇ ਹੋਏ ਇਸ ਦਾ ਨੀਂਹ ਪੱਥਰ ਰੱਖਿਆ ਅਤੇ ਇਸ ਦੀ ਨੁਹਾਰ ਛੇਤੀ ਬਦਲਣ ਦਾ ਐਲਾਨ ਕੀਤਾ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦ ਪ੍ਰਵਾਰਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਰਹੀ ਹੈ। ਸ਼ਹਾਦਤ ਤੋਂ ਇਕ ਹਫ਼ਤੇ ਦੇ ਅੰਦਰ ਹੀ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਪ੍ਰਵਾਰਾਂ ਨੂੰ ਮਿਲ ਕੇ 1 ਕਰੋੜ ਰੁਪਏ ਦੀ ਰਾਸ਼ੀ ਦੇ ਗਏ ਸੀ। ਮਨਦੀਪ ਸਿੰਘ ਦੇ ਨਾਮ ਉਪਰ ਪਿੰਡ ਦੇ ਸਕੂਲ ਦਾ ਨਾਮ ਰੱਖ ਦਿਤਾ ਗਿਆ ਸੀ। ਹੁਣ ਸ਼ਹੀਦ ਮਾਰਗ ਵੀ ਬਣਾ ਦਿਤਾ ਗਿਆ ਹੈ ਜਿਸਦੀ ਨੁਹਾਰ ਛੇਤੀ ਬਦਲੀ ਜਾਵੇਗੀ। 

ਇਹ ਵੀ ਪੜ੍ਹੋ: ਸੰਸਦ ਮੈਂਬਰ ਵਿਕਰਮ ਸਾਹਨੀ ਦੇ ਯਤਨ ਸਦਕਾ ਓਮਾਨ ਵਿਚ ਫਸੀਆਂ 15 ਔਰਤਾਂ ਦੀ ਹੋਈ ਘਰ ਵਾਪਸੀ 

ਸ਼ਹੀਦ ਦੀ ਪਤਨੀ ਜਗਦੀਪ ਕੌਰ ਨੇ ਪੰਜਾਬ ਸਰਕਾਰ ਵਲੋਂ ਮਨਦੀਪ ਸਿੰਘ ਦੀ ਯਾਦ 'ਚ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਪ੍ਰਵਾਰ ਨੂੰ ਮਨਦੀਪ ਸਿੰਘ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਪਰ ਉਨ੍ਹਾਂ ਦੀ ਸ਼ਹੀਦੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਜਗਦੀਪ ਕੌਰ ਨੇ ਵਿਧਾਇਕ ਕੋਲੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੀ ਯਾਦ 'ਚ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਸੀ ਉਸ ਵਾਅਦੇ ਨੂੰ ਛੇਤੀ ਪੂਰਾ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। 

ਪਾਇਲ ਦੀ ਐਸ.ਡੀ.ਐਮ. ਜਸਲੀਨ ਕੌਰ ਭੁੱਲਰ ਨੇ ਪ੍ਰਵਾਰ ਵਲੋਂ ਕੀਤੀ ਜਾ ਰਹੀ ਖੇਡ ਸਟੇਡੀਅਮ ਦੀ ਮੰਗ ਉਪਰ ਕਿਹਾ ਕਿ ਮੁੱਖ ਮੰਤਰੀ ਦੇ ਐਲਾਨ ਮਗਰੋਂ ਹੀ ਇਸ 'ਤੇ ਕੰਮ ਸ਼ੁਰੂ ਕਰ ਦਿਤਾ ਗਿਆ ਸੀ। ਬੀ.ਡੀ.ਪੀ.ਓ. ਦੀ ਡਿਉਟੀ ਲਗਾਈ ਗਈ ਹੈ ਕਿਉਂਕਿ ਪਿੰਡ ਚਣਕੋਈਆਂ ਕਲਾਂ ਵਿਖੇ ਸ਼ਾਮਲਾਟ ਜ਼ਮੀਨ ਬਹੁਤ ਘੱਟ ਹੈ। ਇਸ ਕਰ ਕੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਾਮਲਾਟ ਜ਼ਮੀਨ ਦੇਖ ਕੇ ਇਨ੍ਹਾਂ ਪਿੰਡਾਂ ਦਾ ਸਾਂਝਾ ਸਟੇਡੀਅਮ ਬਣਾਇਆ ਜਾ ਸਕੇ।