74 ਵਰ੍ਹੇ ਪਹਿਲਾ ਬਣਿਆ ਸੀ ਸ਼ਹੀਦ ਭਗਤ ਸਿੰਘ ਦੀ ਯਾਦ ’ਚ ਗੁਰਦੁਆਰਾ, ਜਾਣੋ ਪੂਰਾ ਇਤਿਹਾਸ
50 ਪਿੰਡਾਂ ਦੇ ਲੋਕ ਹੁੰਦੇ ਹਨ ਨਤਮਸਤਕ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ 23 ਮਾਰਚ 1931 ਨੂੰ ਸ਼ਹੀਦ ਹੋਏ ਸਨ। ਜੋ ਕਿ ਪੂਰੇ ਭਾਰਤ ਵਿਚ 23 ਮਾਰਚ ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੀ ਯਾਦ ਵਿਚ ਪਿੰਡ ਹੁਸੈਨੀਵਾਲਾ ਵਿਚ ਸ਼ਹੀਦੀ ਸਮਾਰਕ ਬਣੇ ਹੋਏ ਹਨ। 1947 ਦੀ ਵੰਡ ਤੋਂ ਬਾਅਦ ਇਥੇ ਇਕ ਗੁਰਦੁਆਰਾ ਸਾਹਿਬ ਵੀ ਬਣਿਆ ਜੋ ਕਿ ਇਥੋਂ ਦੀ ਸੰਗਤ ਨੇ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਬਣਾਇਆ ਗਿਆ ਸੀ।
74 ਵਰ੍ਹੇ ਪਹਿਲਾਂ 1951 ਵਿਚ ਇਸ ਗੁਰਦੁਆਰਾ ਸਾਹਿਬ ਦੀ ਨੀਂਹ ਰੱਖੀ ਗਈ। ਜਾਣਕਾਰੀ ਅਨੁਸਾਰ ਲਾਲਾ ਹਵੇਲੀ ਰਾਮ ਨੇ ਗੁਰਦੁਆਰਾ ਸਾਹਿਬ ਲਈ ਆਪਣੀ ਜ਼ਮੀਨ ਦਿਤੀ ਸੀ ਤੇ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਵੀ ਕਦੇ ਕਦੇ ਆ ਕੇ ਇਥੇ ਦਰਸ਼ਨ ਦੀਦਾਰੇ ਕਰਦਾ ਹੁੰਦਾ ਸੀ। ਦੱਸਿਆ ਜਾਂਦਾ ਹੈ ਕਿ ਉਸ ਸਮੇਂ 50 ਪਿੰਡਾਂ ਵਿਚ ਇਹ ਇਕੱਲਾ ਗੁਰਦੁਆਰਾ ਸੀ ਜੋ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਬਣਾਇਆ ਗਿਆ ਸੀ।
ਇਸ ਗੁਰਦੁਆਰਾ ਸਾਹਿਬ ਵਿਚ ਸਭ ਤੋਂ ਪਹਿਲਾਂ ਜਿਸ ਗ੍ਰੰਥੀ ਕਾਲਾ ਸਿੰਘ ਨੇ ਸੇਵਾ ਕੀਤੀ, ਉਹ ਅੱਖਾਂ ਤੋਂ ਮਨੱਖਾ ਸੀ ਤੇ ਅੱਜ ਤਕ ਉਸੇ ਪਰਿਵਾਰ ਦੇ ਮੈਂਬਰ ਸੇਵਾ ਨਿਭਾ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਤਨਾਮ ਸਿੰਘ ਨੇ ਦਸਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ਵਿਚ 1951 ਵਿਚ ਸੰਗਤ ਨੇ ਇਸ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ।
ਗੁਰਦੁਆਰਾ ਬਣਾਉਣ ਲਈ ਲਾਲਾ ਹਵੇਲੀ ਰਾਮ ਨੇ ਜ਼ਮੀਨ ਦਿਤੀ ਸੀ। 1953 ਵਿਚ ਗੁਰਦੁਆਰਾ ਸਾਹਿਬ ਤਿਆਰ ਹੋ ਗਿਆ ਤੇ ਮੇਰੇ ਪਿਤਾ ਗਿਆਨੀ ਕਾਲਾ ਸਿੰਘ ਨੇ ਇਥੇ ਪਹਿਲੇ ਗ੍ਰੰਥੀ ਵਜੋਂ ਸੇਵਾ ਸੰਭਾਲੀ ਜੋ ਕਿ ਅੱਖਾਂ ਤੋਂ ਮੁਨੱਖੇ ਸਨ। ਇਸ ਗੁਰਦੁਆਰਾ ਸਾਹਿਬ ਦੀ ਸੰਗਤ ਵਲੋਂ ਸਮੇਂ ਸਿਰ ਸੰਭਾਲ ਕੀਤੀ ਜਾ ਰਹੀ ਹੈ। ਉਸ ਸਮੇਂ ਘੱਟੋ ਘੱਟ 50 ਪਿੰਡ ਵਿਚ ਕੋਈ ਗੁਰਦੁਆਰਾ ਸਾਹਿਬ ਨਹੀਂ ਸੀ ਤੇ ਸਮੇਂ-ਸਮੇਂ ਸਿਰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਮੈਂਬਰ ਵੀ ਇਥੇ ਆਉਂਦੇ ਜਾਂਦੇ ਰਹੇ ਹਨ।
ਮੇਰੇ ਪਿਤਾ ਜੀ ਨੇ 2008 ਤਕ ਗੁਰੂਘਰ ਵਿਚ ਸੇਵਾ ਨਿਭਾਈ ਹੈ। ਸਤਨਾਮ ਸਿੰਘ ਦੀ ਵੱਡੀ ਭੈਣ ਦਵਿੰਦਰ ਕੌਰ ਨੇ ਕਿਹਾ ਕਿ ਜਦੋਂ ਸਾਡਾ ਪਰਿਵਾਰ ਨੇ ਗੁਰੂ ਘਰ ਦੀ ਸੇਵਾ ਸੰਭਾਲੀ ਸੀ ਉਦੋਂ ਮੇਰੀ ਤੇ ਮੇਰੇ ਛੋਟੇ ਭਰਾ ਸਤਨਾਮ ਸਿੰਘ ਦੀ ਉਮਰ 3 ਤੋਂ 4 ਸਾਲ ਸੀ। ਮੇਰੇ ਪਿਤਾ ਜੀ ਕਾਲਾ ਸਿੰਘ ਜੋ ਅੱਖਾਂ ਤੋਂ ਮੁਨਾਖੇ ਸਨ। ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ 24 ਸਾਲ ਦੀ ਉਮਰ ਵਿਚ ਚਲੀ ਗਈ ਸੀ।
ਉਨ੍ਹਾਂ ਨੂੰ ਮੂੰਹ ਜ਼ੁਬਾਨੀ ਸਾਰਾ ਪਾਠ ਯਾਦ ਸੀ ਜੋ ਸੰਗਤ ਨੂੰ ਪਾਠ ਕਰ ਕੇ ਤੇ ਕੀਰਤਨ ਕਰ ਕੇ ਨਿਹਾਲ ਕਰਦੇ ਸਨ। ਸਾਡੀ ਤੀਜੀ ਪੀੜ੍ਹੀ ਅੱਜ ਵੀ ਇਥੇ ਗੁਰੂ ਘਰ ਵਿਚ ਸੇਵਾ ਨਿਭਾ ਰਹੀ ਹੈ। ਇਸ ਸਮੇਂ ਹਰ ਇਕ ਪਿੰਡ ਵਿਚ ਗੁਰਦੁਆਰਾ ਸਾਹਿਬ ਹੈ ਪਰ ਹਾਲੇ ਵੀ ਸੰਗਤ ਉਸੇ ਤਰ੍ਹਾਂ ਇਥੇ ਮੱਥਾ ਟੇਕਣ ਆਉਂਦੀ ਹੈ ਜਿਵੇਂ 74 ਸਾਲ ਪਹਿਲਾਂ ਆਉਂਦੀ ਸੀ। ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਸੀ ਕਿ ਮੈਂ ਇਥੇ 50 ਸਾਲ ਸੇਵਾ ਕੀਤੀ ਹੈ ਤੇ ਤੁਸੀਂ ਵੀ ਆਖ਼ਰੀ ਸਾਹ ਤਕ ਇਥੇ ਹੀ ਸੇਵਾ ਨਿਭਾਉਣੀ ਹੈ। 1961 ਵਿਚ ਇਥੇ ਸ਼ਹੀਦਾਂ ਦੀਆਂ ਸਮਾਧਾਂ ਬਣਾਈਆਂ ਗਈਆਂ। ਉਸ ਤੋਂ ਪਹਿਲਾਂ ਸੰਗਤ ਗੁਰਦੁਆਰਾ ਸਾਹਿਬ ਵਿਚ ਆ ਕੇ ਹੀ ਸ਼ਹੀਦਾਂ ਨੂੰ ਯਾਦ ਕਰਦੀ ਹੁੰਦੀ ਸੀ।