ਭਰੋਸੇ ਪਿੱਛੋਂ ਬਿੱਟੂ ਦਾ ਸਸਕਾਰ, ਜਾਂਚ ਏ.ਡੀ.ਜੀ.ਪੀ. ਹਵਾਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

5 ਮੈਂਬਰੀ ਕਮੇਟੀ ਕਰੇਗੀ ਬਿੱਟੂ ਦੇ ਕਤਲ ਦੀ ਜਾਂਚ

Bittu Funeral

ਕੋਟਕਪੂਰਾ: ਬਰਗਾੜੀ ਬੇਅਦਬੀ ਮਾਮਲੇ ’ਚ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਦੀ ਮ੍ਰਿਤਕ ਦੇਹ ਦਾ ਅੱਜ ਅੰਤਿਮ ਸਸਕਾਰ ਕਰ ਦਿਤਾ ਗਿਆ ਹੈ। ਅੱਜ ਦੁਪਹਿਰ ਸਮੇਂ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਤੇ ਐੱਸਐੱਸਪੀ ਨੇ ਕੋਟਕਪੂਰਾ ਸਥਿਤ ਡੇਰੇ ਦੇ ਨਾਮ ਚਰਚਾ ਘਰ ਜਾ ਕੇ ਡੇਰੇ ਦੀ 45 ਮੈਂਬਰੀ ਕਮੇਟੀ ਤੇ ਬਿੱਟੂ ਦੇ ਪਰਿਵਾਰਕ ਮੈਂਬਰਾਂ ਨੂੰ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਇਆ ਸੀ।

ਇਸ ਦੌਰਾਨ ਡੀਸੀ ਨੇ ਉੱਥੇ ਐਲਾਨ ਕੀਤਾ ਕਿ ਬਿੱਟੂ ਦੇ ਕਤਲ ਦੀ ਉੱਚ ਪੱਧਰੀ ਜਾਂਚ 5 ਮੈਂਬਰੀ ਕਮੇਟੀ ਕਰੇਗੀ, ਜਿਸ ਦੀ ਅਗਵਾਈ ਏਡੀਜੀਪੀ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾਵੇਗੀ ਤੇ ਉਹ ਅਪਣੀ ਜਾਂਚ ਰਿਪੋਰਟ ਜਿੱਥੇ ਪੰਜਾਬ ਸਰਕਾਰ ਨੂੰ ਭੇਜਣਗੇ, ਉੱਥੇ ਉਹ ਨਾਲ ਹੀ ਅਪਣੀ ਰਿਪੋਰਟ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਸੌਂਪਣਗੇ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਸ ਕਤਲ ਕਾਂਡ ਦੀ ਜਾਂਚ ਰੋਜ਼ਾਨਾ ਆਧਾਰ ਉਤੇ ਬਹੁਤ ਤੇਜ਼ ਰਫ਼ਤਾਰ (ਫ਼ਾਸਟ–ਟ੍ਰੈਕ) ਨਾਲ ਕੀਤੀ ਜਾਵੇ।

ਉਨ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਕੇਸ ਵਾਪਸ ਲੈਣ ਦੇ ਮਾਮਲੇ ਵਿਚ ਅਸਮਰੱਥਾ ਜ਼ਾਹਰ ਕਰਦਿਆਂ ਕਿਹਾ ਕਿ ਸਬੰਧਤ ਮੁਕੱਦਮੇ ਵੱਖੋ–ਵੱਖਰੀਆਂ ਅਦਾਲਤਾਂ ਦੇ ਜ਼ੇਰੇ ਗ਼ੌਰ ਹਨ ਤੇ ਇਸ ਲਈ ਉਹ ਮਾਮਲੇ ਤਾਂ ਹੁਣ ਵਾਪਸ ਨਹੀਂ ਲਏ ਜਾ ਸਕਦੇ।