ਜ਼ਿਦ 'ਤੇ ਅੜੇ ਡੇਰਾ ਪ੍ਰੇਮੀ, ਕੋਟਕਪੂਰਾ 'ਚ ਸਥਿਤੀ ਤਣਾਅਪੂਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਫੋਰਸ ਨੇ ਕੱਢਿਆ ਫਲੈਗ ਮਾਰਚ

Flag March

ਕੋਟਕਪੂਰਾ- ਕੋਟਕਪੂਰਾ ਜਿੱਥੇ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਜੇਲ੍ਹ ਵਿਚ ਹੋਏ ਕਤਲ ਤੋਂ ਬਾਅਦ ਕੋਟਕਪੂਰਾ ਵਿਚ ਮਾਹੌਲ ਵਿਗੜਦਾ ਨਜ਼ਰ ਆ ਰਿਹਾ ਹੈ। ਪੂਰੇ ਸ਼ਹਿਰ ਵਿਚ ਜਿੱਥੇ ਚੱਪੇ-ਚੱਪੇ 'ਤੇ ਪੁਲਿਸ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਉਥੇ ਹੀ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਵੱਲੋਂ ਸਥਿਤੀ ਨੂੰ ਕਾਬੂ ਵਿਚ ਰੱਖਣ ਲਈ ਸ਼ਹਿਰ ਵਿਚ ਫਲੈਗ ਮਾਰਚ ਕੀਤਾ ਗਿਆ।

ਦਰਅਸਲ ਮਹਿੰਦਰਪਾਲ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਡੇਰਾ ਸਮਰਥਕਾਂ ਨੇ ਮਹਿੰਦਰਪਾਲ ਦਾ ਅੰਤਮ ਸਸਕਾਰ ਕਰਨ ਤੋਂ ਇਹ ਕਹਿੰਦਿਆਂ ਕੋਰੀ ਨਾਂਹ ਕਰ ਦਿੱਤੀ ਹੈ ਕਿ ਪਹਿਲਾਂ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਤਾਂ ਹੀ ਉਹ ਅੰਤਮ ਸਸਕਾਰ ਕਰਨਗੇ। ਭਾਵੇਂ ਕਿ ਪੁਲਿਸ ਵਲੋਂ ਲਗਾਤਾਰ ਕੱਲ੍ਹ ਤੋਂ ਡੇਰਾ ਪ੍ਰੇਮੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੇ ਜਾਣ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਨੂੰ ਕਿਤੇ ਨਾ ਕਿਤੇ ਮਾਹੌਲ ਵਿਗੜਨ ਦਾ ਖ਼ਦਸ਼ਾ ਸਤਾ ਰਿਹਾ ਹੈ।

ਹੋਰ ਤਾਂ ਹੋਰ ਪ੍ਰਸ਼ਾਸਨ ਨੇ ਸੜਕਾਂ ਅਤੇ ਗਲੀਆਂ ਵਿਚੋਂ ਵੱਡੀ ਗਿਣਤੀ ਵਿਚ ਸਫ਼ਾਈ ਕਰਮਚਾਰੀ ਲਗਾ ਕੇ ਇੱਟਾਂ ਅਤੇ ਰੋੜੇ ਵੀ ਚੁਕਵਾ ਦਿੱਤੇ ਹਨ ਤਾਂ ਜੋ ਸੰਭਾਵੀ ਹਿੰਸਾ ਦੇ ਚਲਦਿਆਂ ਡੇਰਾ ਪ੍ਰੇਮੀ ਇਨ੍ਹਾਂ ਦੀ ਵਰਤੋਂ ਨਾ ਕਰ ਸਕਣ, ਰਾਤ ਨੂੰ ਹੀ ਵੱਡੇ ਪੱਧਰ 'ਤੇ ਪੁਲਸ ਫੋਰਸ ਸ਼ਹਿਰ ਵਿਚ ਪਹੁੰਚ ਗਈ ਸੀ ਪਰ ਅੱਜ ਸਵੇਰੇ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਹੈ।

ਦੱਸ ਦਈਏ ਕਿ ਬੀਤੇ ਦਿਨੀਂ ਨਾਭਾ ਜੇਲ੍ਹ ਵਿਚ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਦੋ ਕੈਦੀਆਂ ਨੇ ਸਿਰ ਵਿਚ ਰਾਡ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸ ਨੂੰ ਪੁਲਿਸ ਨੇ ਬੇਅਦਬੀ ਮਾਮਲੇ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੋਇਆ ਸੀ। ਫਿਲਹਾਲ ਕੋਟਕਪੂਰਾ ਵਿਚ ਸਥਿਤੀ ਕਾਫ਼ੀ ਤਣਾਅਪੂਰਨ ਬਣ ਗਈ ਹੈ। ਦੇਖਣਾ ਹੋਵੇਗਾ ਕਿ ਡੇਰਾ ਪ੍ਰੇਮੀ ਅੱਜ ਮਹਿੰਦਰਪਾਲ ਦਾ ਸਸਕਾਰ ਕਰਦੇ ਹਨ ਜਾਂ ਨਹੀਂ।