ਮਹਿੰਦਰਪਾਲ ਬਿੱਟੂ ਸਮੇਤ ਚਾਰ ਡੇਰਾ ਪ੍ਰੇਮੀਆਂ ਵਿਰੁਧ ਅਦਾਲਤ 'ਚ ਚਲਾਨ ਪੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਬਾੜ ਵਾਲੇ ਸਟੋਰ 'ਚੋਂ ਗੁਰੂ ਨਾਨਕ ਪਾਤਸ਼ਾਹ ਦੀ ਜਨਮਸਾਖੀ ਵਾਲੀ ਪੋਥੀ ਅਤੇ 32 ਬੋਰ ਰਿਵਾਲਵਰ ਦੇ 28 ਖ਼ਾਲੀ ਕਾਰਤੂਸ ਬਰਾਮਦ ਹੋਏ ਸਨ

Court

ਕੋਟਕਪੂਰਾ : ਸਥਾਨਕ ਸਿਟੀ ਥਾਣੇ ਦੀ ਪੁਲਿਸ ਨੇ ਕਰੀਬ 9 ਮਹੀਨੇ ਪਹਿਲਾਂ ਡੇਰਾ ਸਿਰਸਾ ਦੀ ਸੂਬਾ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਦੇ ਘਰੋਂ ਪੁਰਾਣੀਆਂ ਜੁੱਤੀਆਂ ਅਤੇ ਕਬਾੜ ਵਾਲੇ ਸਟੋਰ 'ਚੋਂ ਗੁਰੂ ਨਾਨਕ ਪਾਤਸ਼ਾਹ ਦੀ ਜਨਮਸਾਖੀ ਵਾਲੀ ਪੋਥੀ ਅਤੇ 32 ਬੋਰ ਰਿਵਾਲਵਰ ਦੇ 28 ਖ਼ਾਲੀ ਕਾਰਤੂਸ ਬਰਾਮਦ ਹੋਣ ਦੇ ਮਾਮਲੇ 'ਚ ਮਹਿੰਦਰਪਾਲ ਬਿੱਟੂ ਸਮੇਤ ਉਸ ਦੇ ਤਿੰਨ ਸਾਥੀਆਂ ਨੇੜਲੇ ਪਿੰਡ ਡੱਗੋਰੋਮਾਣਾ ਦੇ ਵਸਨੀਕ ਸ਼ਕਤੀ ਸਿੰਘ, ਕੋਟਕਪੂਰਾ ਵਾਸੀ ਸੁਖਜਿੰਦਰ ਸਿੰਘ ਸੰਨੀ ਅਤੇ ਸੰਗਰੂਰ ਦੇ ਰਹਿਣ ਵਾਲੇ ਮਹਿੰਦਰ ਕੁਮਾਰ ਵਿਰੁਧ ਜੇ.ਐਮ.ਆਈ.ਸੀ. ਏਕਤਾ ਉੱਪਲ ਦੀ ਅਦਾਲਤ ਫ਼ਰੀਦਕੋਟ 'ਚ ਚਲਾਨ ਪੇਸ਼ ਕਰ ਦਿਤਾ ਹੈ।

ਉਨ੍ਹਾਂ ਵਿਰੁਧ ਸਿਟੀ ਥਾਣੇ ਵਿਖੇ ਆਈਪੀਸੀ ਦੀ ਧਾਰਾ 295ਏ (ਧਾਰਮਿਕ ਭਾਵਨਾਵਾਂ ਨੂੰ ਠੇਸ) ਤੋਂ ਇਲਾਵਾ ਆਰਮਜ਼ ਐਕਟ ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਤਹਿਤ ਚਲਾਨ ਪੇਸ਼ ਕੀਤਾ ਗਿਆ ਹੈ। ਉਕਤ ਸਾਰੇ ਮੁਲਜ਼ਮ ਵਰਤਮਾਨ ਸਮੇਂ 'ਚ ਜੁਡੀਸ਼ੀਅਲ ਹਿਰਾਸਤ ਦੇ ਚਲਦਿਆਂ ਜੇਲ 'ਚ ਬੰਦ ਹਨ। ਜਾਣਕਾਰੀ ਅਨੁਸਾਰ ਬਰਗਾੜੀ ਬੇਅਦਬੀ ਮਾਮਲੇ ਦੀ ਪੜਤਾਲ ਸੀਬੀਆਈ ਕੋਲ ਹੈ ਪਰ ਪਿੰਡ ਮੱਲ ਕੇ (ਮੋਗਾ), ਗੁਰੂਸਰ ਤੇ ਭਗਤਾ ਭਾਈਕਾ (ਬਠਿੰਡਾ) 'ਚ ਬੇਅਦਬੀ ਮਾਮਲਿਆਂ ਦੀ ਪੜਤਾਲ ਦੌਰਾਨ ਪੰਜਾਬ ਪੁਲਿਸ ਦੀ ਐਸਆਈਟੀ ਨੇ ਬਰਗਾੜੀ ਬੇਅਦਬੀ ਮਾਮਲੇ 'ਚ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਸ਼ਮੂਲੀਅਤ ਹੋਣ ਦਾ ਖੁਲਾਸਾ ਕਰ ਦਿਤਾ ਸੀ।

ਮੋਗਾ ਤੇ ਬਠਿੰਡਾ ਜ਼ਿਲ੍ਹਿਆਂ ਨਾਲ ਸਬੰਧਤ ਕੇਸਾਂ ਦੀ ਪੜਤਾਲ ਦੌਰਾਨ ਐਸਆਈਟੀ ਨੇ ਮਹਿੰਦਰਪਾਲ ਬਿੱਟੂ ਨੂੰ ਹਿਰਾਸਤ 'ਚ ਲਿਆ ਸੀ ਅਤੇ ਪੁੱਛਗਿੱਛ ਦੇ ਅਧਾਰ 'ਤੇ ਦਸ ਡੇਰਾ ਪ੍ਰੇਮੀਆਂ ਨੂੰ ਮੋਗਾ ਦੇ ਇਕ ਪੁਰਾਣੇ ਕੇਸ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਉਕਤ ਕੇਸ ਦੀ ਪੜਤਾਲ ਦੌਰਾਨ ਐਸਆਈਟੀ ਨੇ ਪਿਛਲੇ ਸਾਲ 13 ਜੂਨ 2018 ਨੂੰ ਕੋਟਕਪੂਰੇ 'ਚ ਮਹਿੰਦਰਪਾਲ ਬਿੱਟੂ ਦੇ ਘਰ ਛਾਪਾ ਮਾਰਿਆ ਅਤੇ ਉੱਥੋਂ ਪੁਰਾਣੀਆਂ ਜੁੱਤੀਆਂ ਅਤੇ ਕਬਾੜ ਵਾਲੇ ਸਟੋਰ 'ਚੋਂ ਪਵਿੱਤਰ ਜਨਮਸਾਖੀ ਦੀ ਪੋਥੀ ਅਤੇ 32 ਬੋਰ ਰਿਵਾਲਵਰ ਦੇ 28 ਖ਼ਾਲੀ ਕਾਰਤੂਸ ਬਰਾਮਦ ਹੋਏ। ਇਸ ਸਬੰਧੀ ਥਾਣਾ ਮੁਖੀ ਸੰਜੀਵ ਕੁਮਾਰ ਨੇ ਦਸਿਆ ਕਿ ਉਕਤ ਕੇਸ 'ਚ ਪੁਲਿਸ ਨੇ ਪਹਿਲਾਂ ਮਹਿੰਦਰਪਾਲ ਬਿੱਟੂ ਵਿਰੁਧ ਕੇਸ ਦਰਜ ਕੀਤਾ ਸੀ, ਜਿਸ 'ਚ ਪੜਤਾਲ ਤੋਂ ਬਾਅਦ ਸ਼ਕਤੀ ਸਿੰਘ, ਸੁਖਜਿੰਦਰ ਸਿੰਘ ਸੰਨੀ ਅਤੇ ਮਹਿੰਦਰ ਕੁਮਾਰ ਨੂੰ ਵੀ ਨਾਮਜ਼ਦ ਕੀਤਾ ਗਿਆ, ਜਿਨ੍ਹਾਂ ਵਿਰੁਧ ਹੁਣ ਪੁਲਿਸ ਨੇ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਹੈ।