ਮਿਹਨਤਕਸ਼ ਲੋਕਾਂ ਨੂੰ ਸੜਕਾਂ ’ਤੇ ਲੰਗਰ ਛਕਾਉਂਦੀ ਹੈ ‘ਬਾਬੇ ਨਾਨਕ ਦੀ ਰਸੋਈ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਪਾਰ ਨਹੀਂ, ਇਹ ਫ਼ੂਡ ਵੈਨ ਕਰਦੀ ਹੈ ਲੋਕਾਂ ਦੀ ਸੇਵਾ

Babe Nanak Di Rasoi

 

ਅੰਮ੍ਰਿਤਸਰ(ਅਰਪਨ ਕੌਰ/ਕਮਲਜੀਤ ਕੌਰ) : ਸਿੱਖ ਧਰਮ ਵਿਚ ਲੰਗਰ ਦੀ ਬਹੁਤ ਵੱਡੀ ਮਹਾਨਤਾ ਹੈ। ਲੰਗਰ ਦਾ ਮਤਲਬ ਸਾਂਝੀ ਰਸੋਈ ਹੈ ਜਿਥੇ ਬਿਨਾਂ ਕਿਸੇ ਜਾਤ-ਪਾਤ, ਧਰਮ, ਊਚ-ਨੀਚ ਦਾ ਭੇਦ ਕੀਤੇ ਬਿਨਾਂ ਲੰਗਰ ਤਿਆਰ ਕਰ ਕੇ ਸੱਭ ਨੂੰ ਛਕਾਇਆ ਜਾਂਦਾ ਹੈ। ਦੁਨੀਆਂ ਨੂੰ ਤਾਰਨ ਆਏ ਸ੍ਰੀ ਗੁਰੂ ਨਾਨਕ ਦੇਵ ਜੀ ਨੇ 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ। ਬਾਬੇ ਨਾਨਕ ਦੇ ਫ਼ਲਸਫ਼ੇ ’ਤੇ ਚਲਦਿਆਂ ਅੰਮ੍ਰਿਤਸਰ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਬਾਬੇ ਨਾਨਕ ਦੀ ਚਲਦੀ-ਫਿਰਦੀ ਰਸੋਈ ਚਲਾਈ ਜਾ ਰਹੀ ਹੈ।

 

ਅਕਸਰ ਅਸੀਂ ਵੇਖਦੇ ਹਾਂ ਕਿ ਇਨ੍ਹੀਂ ਦਿਨੀਂ ਫ਼ੂਡ ਵੈਨਜ਼ ਦਾ ਕਾਫ਼ੀ ਰੁਝਾਨ ਹੈ ਪਰ ਬਾਬੇ ਨਾਨਕ ਦੀ ਚਲਦੀ-ਫਿਰਦੀ ਰਸੋਈ ਵਲੋਂ ਸ਼ਹਿਰ ਵਿਚ ਕੰਮ ਕਰਦੇ ਮਿਹਨਤਕਸ਼ ਲੋਕਾਂ ਦੇ ਖਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਾਹ ਵਿਚੋਂ ਲੰਘਣ ਵਾਲੇ ਲੋਕ ਵੀ ਇਥੇ ਰੁਕ ਕੇ ਲੰਗਰ ਛਕਦੇ ਹਨ। ਅੰਮ੍ਰਿਤਸਰ ਵਿਖੇ ਇਹ ਸੇਵਾ ਕਰੀਬ ਇਕ ਸਾਲ ਤੋਂ ਜਾਰੀ ਹੈ।

 

‘ਬਾਬੇ ਨਾਨਕ ਦੀ ਰਸੋਈ’ ਵਿਚ ਸੇਵਾ ਕਰ ਰਹੇ ਸੇਵਾਦਾਰ ਨੇ ਦਸਿਆ ਕਿ ਉਨ੍ਹਾਂ ਵਲੋਂ ਸਵੇਰੇ 11 ਵਜੇ ਤੋਂ ਦੁਪਹਿਰ 4 ਵਜੇ ਤਕ ਲੰਗਰ ਛਕਾਇਆ ਜਾਂਦਾ ਹੈ। ਇਹ ਸੇਵਾ ਲਾਕਡਾਊਨ ਦੌਰਾਨ ਸ਼ੁਰੂ ਹੋਈ ਸੀ ਅਤੇ ਹੁਣ ਤਕ ਜਾਰੀ ਹੈ। ਉਨ੍ਹਾਂ ਦਸਿਆ ਕਿ ਰੋਜ਼ਾਨਾ ਇਥੇ 2000-2500 ਮਿਹਨਤਕਸ਼ ਲੋਕ ਆ ਕੇ ਲੰਗਰ ਛਕਦੇ ਹਨ।  
ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਗੁਰਮੇਜ ਸਿੰਘ ਨੇ ਦਸਿਆ ਕਿ ਲਾਕਡਾਊਨ ਦੌਰਾਨ ਲੋਕਾਂ ਦੀਆਂ ਆਰਥਕ ਮੁਸ਼ਕਲਾਂ ਨੂੰ ਧਿਆਨ ਵਿਚ ਰਖਦਿਆਂ ਇਹ ਸੇਵਾ ਸ਼ੁਰੂ ਕੀਤੀ ਗਈ ਸੀ।

 

ਇਥੋਂ ਨੇੜੇ ਕੰਮ ਕਰਦੇ ਦਿਹਾੜੀਦਾਰ ਅਤੇ ਲੋੜਵੰਦ ਪ੍ਰਵਾਰ ਲੰਗਰ ਛਕ ਕੇ ਜਾਂਦੇ ਹਨ। ਰਸੋਈ ਦਾ ਇਕ ਹਫ਼ਤੇ ਲਈ ਮੈਨਿਊ ਪਹਿਲਾਂ ਤੋਂ ਤੈਅ ਹੁੰਦਾ ਹੈ ਅਤੇ ਉਸ ਅਨੁਸਾਰ ਹੀ ਹਰ ਰੋਜ਼ ਲੰਗਰ ਤਿਆਰ ਹੁੰਦਾ ਹੈ। ਇਥੇ ਲੰਗਰ ਛਕ ਰਹੇ ਕਿਰਤੀਆਂ ਦਾ ਕਹਿਣਾ ਹੈ ਕਿ ਇਥੇ ਆ ਕੇ ਹਰ ਕੋਈ ਪੇਟ ਭਰ ਕੇ ਲੰਗਰ ਛਕਦਾ ਹੈ। ਇਸ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਾਬੇ ਨਾਨਕ ਦੀ ਰਸੋਈ ਕਈ ਲੋੜਵੰਦਾਂ ਲਈ ਸਹਾਰਾ ਬਣ ਰਹੀ ਹੈ। ਇਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ।