ਸ਼ੱਕੀ ਹਾਲਤ ’ਚ ਔਰਤ ਦੀ ਮੌਤ: ਸਥਾਨਕ ਲੋਕਾਂ ਦਾ ਦਾਅਵਾ, ‘ਨਸ਼ੇ ਦਾ ਟੀਕਾ ਲਗਾਉਣ ਕਾਰਨ ਹੋਈ ਮੌਤ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਵਲੋਂ ਸ਼ੁਰੂ ਕੀਤੀ ਗਈ ਜਾਂਚ

Woman dies of drug overdose

 

ਅਬੋਹਰ: ਸ਼ਹਿਰ ਵਿਚ ਇਕ ਔਰਤ ਦੀ ਕਥਿਤ ਤੌਰ ’ਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਪੁਲਿਸ ਨੇ ਔਰਤ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕਾ ਦੀ ਪਛਾਣ ਪੂਜਾ ਉਰਫ਼ ਹੇਮਲਤਾ ਪਤਨੀ ਗੁਰਪ੍ਰੀਤ ਸਿੰਘ ਵਾਸੀ ਨਿਰੰਕਾਰੀ ਭਵਨ ਰੋਡ ਨੇੜੇ ਸ਼ੋਲੀ ਧਰਮਸ਼ਾਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਹੁਣ ਅਮਰੀਕਾ ਵਿਚ ਹੀ ਰਿਨਿਊ ਹੋਣਗੇ H1B ਵੀਜ਼ਾ, PM ਮੋਦੀ ਨੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਕੀਤਾ ਐਲਾਨ

ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਕਰਵਾਰ ਰਾਤ ਗਲੀ ਨੰਬਰ 6 ਸ਼ਿਵ ਮੰਦਰ ਨੇੜੇ ਇਕ ਘਰ ਵਿਚ ਔਰਤ ਦਾਖ਼ਲ ਹੋਈ ਅਤੇ ਪ੍ਰਵਾਰਕ ਮੈਂਬਰਾਂ ਨੂੰ ਪਾਣੀ ਪਿਲਾਉਣ ਲਈ ਕਿਹਾ। ਦਸਿਆ ਜਾ ਰਿਹਾ ਹੈ ਕਿ ਔਰਤ ਨੇ ਨਸ਼ਾ ਕੀਤਾ ਹੋਇਆ ਸੀ। ਇਸ ਦੌਰਾਨ ਔਰਤ ਘਰ ਦੇ ਅੰਦਰ ਜਾ ਕੇ ਬੈਠ ਗਈ ਅਤੇ ਟੀਕਾ ਲਗਾਉਣ ਲੱਗੀ। ਪ੍ਰਵਾਰਕ ਮੈਂਬਰਾਂ ਨੇ ਉਕਤ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ।

ਇਹ ਵੀ ਪੜ੍ਹੋ: ਸੁਖਚੈਨ ਸਿੰਘ ਕਲਸਾਣੀ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ 

ਦਸਿਆ ਜਾ ਰਿਹਾ ਹੈ ਕਿ ਔਰਤ ਨੇ ਜਿਵੇਂ ਹੀ ਟੀਕਾ ਲਗਾਇਆ, ਔਰਤ ਉਥੇ ਹੀ ਲੇਟ ਗਈ ਅਤੇ ਕੁੱਝ ਦੇਰ 'ਚ ਉਸ ਦੀ ਮੌਤ ਹੋ ਗਈ। ਪ੍ਰਵਾਰਕ ਮੈਂਬਰਾਂ ਨੇ ਪੁਲਿਸ ਅਤੇ ਨਰ ਸੇਵਾ ਨਰਾਇਣ ਸੇਵਾ ਕਮੇਟੀ ਦੇ ਮੈਂਬਰਾਂ ਨੂੰ ਸੂਚਨਾ ਦਿਤੀ। ਨਰ ਸੇਵਾ ਸੰਮਤੀ ਦੇ ਮੈਂਬਰ ਬਿੱਟੂ ਨਰੂਲਾ ਅਤੇ ਸੋਨੂੰ ਗਰੋਵਰ ਮੌਕੇ 'ਤੇ ਪਹੁੰਚੇ। ਨਗਰ ਥਾਣੇ ਦੇ ਐਸ.ਆਈ. ਬਹਾਦਰ ਸਿੰਘ ਵੀ ਮੌਕੇ ’ਤੇ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਲਾਸ਼ ਦੇ ਨੇੜਿਉਂ ਇਕ ਸਰਿੰਜ ਅਤੇ ਮੋਬਾਈਲ ਮਿਲਿਆ, ਜਿਸ ਤੋਂ ਮ੍ਰਿਤਕ ਦੀ ਪਛਾਣ ਹੋਈ। ਔਰਤ ਦੇ ਪਤੀ ਦੀ ਸ਼ਿਕਾਇਤ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।