ਖਰੜ 'ਚ ਖ਼ਤਰਨਾਕ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ, ਨਾਮੀ ਗੈਂਗਸਟਰ ਜੋਹਨ ਬੁੱਟਰ ਜ਼ਖ਼ਮੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੰਭੀਰ ਹਾਲਤ ਨੂੰ ਵੇਖਦਿਆਂ ਪੀਜੀਆਈ ਚੰਡੀਗੜ੍ਹ ਕੀਤਾ ਰੈਫ਼ਰ

Mohali police

ਮੋਹਾਲੀ : ਪੰਜਾਬ ਪੁਲਿਸ ਗੈਂਗਸਟਰਾਂ ਦੀਆਂ ਗਤੀਵਿਧੀਆਂ ਨੂੰ ਠੱਲਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸੇ ਤਹਿਤ ਪੁਲਿਸ ਵਲੋਂ ਪੰਜਾਬ ਭਰ ਅੰਦਰ ਗੈਂਗਸਟਰਾਂ ਵਿਰੁਧ ਮੁਹਿੰਮ ਵਿੱਢੀ ਹੋਈ ਹੈ। ਇਸੇ ਤਹਿਤ ਪੁਲਿਸ ਨੂੰ ਅੱਜ ਖ਼ਤਰਨਾਕ ਗੈਂਗਸਟਰ ਜੋਹਨ ਬੁੱਟਰ ਦੇ ਸਾਥੀਆਂ ਸਮੇਤ ਖਰੜ ਇਲਾਕੇ ਅੰਦਰ ਛੁਪੇ ਹੋਣ ਦੀ ਸੂਚਨਾ ਮਿਲੀ। ਸੂਚਨਾ ਦੇ ਅਧਾਰ 'ਤੇ ਜਦੋਂ ਪੁਲਿਸ ਨੇ ਖਰੜ ਸਥਿਤ ਸੰਨੀ ਇਨਕਲੇਵ 'ਚ ਰੇਡ ਕੀਤੀ ਤਾਂ ਜਲਵਾਯੂ ਟਾਵਰ ਨੇੜੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋ ਗਿਆ।

ਇਹ ਮੁਕਾਬਲਾ ਬਾਦ-ਦੁਪਹਿਰ ਪੌਣੇ 3 ਵਜੇ ਦੇ ਕਰੀਬ ਹੋਇਆ ਜਿਸ 'ਚ ਗੈਂਗਸਟਰ ਜੋਹਨ ਬੁੱਟਰ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਿਆ। ਮੁਕਾਬਲੇ ਤੋਂ ਬਾਅਦ ਗੈਂਗਸਟਰ ਦੇ 6 ਹੋਰ ਸਾਥੀ ਵੀ ਪੁਲਿਸ ਹੱਥੇ ਚੜ੍ਹੇ ਹਨ। ਪੁਲਿਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ। ਮੁਕਾਬਲੇ 'ਚ ਜ਼ਖ਼ਮੀ ਹੋਏ ਗੈਂਗਸਟਰ ਜੋਹਨ ਬੁੱਟਰ ਨੂੰ ਇਲਾਜ ਲਈ ਖਰੜ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਬਾਅਦ 'ਚ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਪੀਜੀਆਈ ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿਤਾ ਗਿਆ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਜਿਉਂ ਹੀ ਗੁਪਤ ਸੂਚਨਾ ਦੇ ਅਧਾਰ 'ਤੇ ਗੈਂਗਸਟਰਾਂ ਦੀ ਪੈੜ ਨੱਪਦੀ ਹੋਏ ਸੰਨੀ ਇਨਕਲੇਵ ਵਿਖੇ ਪਹੁੰਚੀ ਤਾਂ ਗੈਂਗਸਟਰਾਂ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਿਉਂ ਹੀ ਉਨ੍ਹਾਂ ਨੂੰ ਘੇਰਨਾ ਸ਼ੁਰੂ ਕੀਤਾ, ਗੈਂਗਸਟਰਾਂ ਨੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ।

ਪੁਲਿਸ ਦੀ ਜਵਾਬੀ ਕਾਰਵਾਈ 'ਚ ਗੈਂਗਸਟਰ ਜਾਨ ਬੁੱਟਰ ਜ਼ਖ਼ਮੀ ਹੋ ਗਿਆ। ਪੁਲਿਸ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਗੈਂਗਸਟਰ ਦੇ 6 ਸਾਥੀਆਂ ਨੂੰ ਮੌਕੇ 'ਤੇ ਦਬੋਚ ਲਿਆ ਹੈ। ਸੂਤਰਾਂ ਮੁਤਾਬਕ ਇਸ ਸਾਂਝੇ ਆਪਰੇਸ਼ਨ 'ਚ ਪੰਜਾਬ ਪੁਲਿਸ ਦੀ ਓਕੂ ਯੂਨਿਟ ਤੋਂ ਇਲਾਵਾ ਮੋਹਾਲੀ ਅਤੇ ਜਗਰਾਉਂ ਪੁਲਿਸ ਪਾਰਟੀ ਦੇ ਜਵਾਨ ਸ਼ਾਮਲ ਸਨ। ਜਾਣਕਾਰੀ ਅਨੁਸਾਰ ਗੈਂਗਸਟਰ ਬੁੱਟਰ 'ਤੇ 20 ਦੇ ਕਰੀਬ ਮਾਮਲੇ ਦਰਜ ਹਨ। ਮੁਕਾਬਲੇ ਦੌਰਾਨ ਗੈਂਗਸਟਰਾਂ ਤੋਂ 6 ਦੇ ਕਰੀਬ ਹਥਿਆਰ ਵੀ ਬਰਾਮਦ ਹੋਏ ਹਨ।  ਸੂਤਰਾਂ ਮੁਤਾਬਕ ਇਹ ਗੈਂਗਸਟਰ ਇਸ ਇਲਾਕੇ ਅੰਦਰ ਪਿਛਲੇ ਕਈ ਦਿਨਾਂ ਤੋਂ ਠਹਿਰੇ ਹੋਏ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।