ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਕਰੋਨਾ ਰਿਪੋਰਟ ਆਈ ਪਾਜ਼ੇਟਿਵ, ਟਵੀਟ ਜ਼ਰੀਏ ਦਿਤੀ ਜਾਣਕਾਰੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੇ ਸਪੀਕਰ ਸਣੇ 6 ਕਰਮਚਾਰੀ ਪਹਿਲਾਂ ਹੀ ਹੋ ਚੁੱਕੇ ਹਨ ਕੋਰੋਨਾ ਪਾਜ਼ੇਟਿਵ

CM Manohar Lal Khattar

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਸਬੰਧੀ ਉਨ੍ਹਾਂ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਹੈ। ਮੁੱਖ ਮੰਤਰੀ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਉਨ੍ਹਾਂ ਨੇ ਅਪਣੇ ਸੰਪਰਕ 'ਚ ਆਉਣ ਵਾਲੇ ਸਾਰੇ ਵਿਅਕਤੀਆਂ ਨੂੰ ਵੀ ਕਰੋਨਾ ਟੈਸਟ ਕਰਵਾਉਣ ਦੀ ਦਿਤੀ ਹੈ।  ਕਾਬਲੇਗੌਰ ਹੈ ਕਿ ਮੁੱਖ ਮੰਤਰੀ ਪਿਛਲੇ ਦਿਨੀਂ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੂੰ ਮਿਲੇ ਸਨ। ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੁੱਖ ਮੰਤਰੀ ਦਾ ਵੀ ਕਰੋਨਾ ਟੈਸਟ ਕਰਵਾਇਆ ਗਿਆ।

ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੀ ਰੀਪੋਰਟ ਪਾਜ਼ੇਟਿਵ ਆਉਣ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਨਾਲ ਸਬੰਧਤ 6 ਕਰਮਚਾਰੀਆਂ ਦੀ ਰੀਪੋਰਟ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਪੰਜਾਬ-ਹਰਿਆਣਾ ਵਿਧਾਨ ਸਭਾ ਕੰਪਲੈਕਸ ਵਿਚ ਕੋਰੋਨਾ ਦੀ ਦਸਤਕ ਤੋਂ ਬਾਅਦ ਦੋਵਾਂ ਰਾਜਾਂ ਦੀਆਂ ਸਰਕਾਰਾਂ ਦੀ ਚਿੰਤਾ ਵੱਧ ਗਈ ਹੈ।

ਜ਼ਿਕਰਯੋਗ ਹੈ ਕਿ ਕੁੱਝ ਦਿਨ ਬਾਅਦ ਦੋਵਾਂ ਵਿਧਾਨ ਸਭਾਵਾਂ ਦੇ ਸੈਸ਼ਨ ਹੋਣ ਵਾਲੇ ਹਨ। ਇਸ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੇ ਨਿਰਘਾਰਤ ਪ੍ਰੋਗਰਾਮ ਵਿਚ ਵੀ ਤਬਦੀਲੀ ਕਰ ਦਿਤੀ ਗਈ ਹੈ।

ਇਹ ਸੈਸ਼ਨ ਜੋ ਪਹਿਲਾਂ 26 ਤੋਂ ਸ਼ੁਰੂ ਕਰ ਕੇ 3 ਦਿਨ ਚਲਾਉਣ ਦਾ ਪ੍ਰਸਤਾਵ ਸੀ, ਹੁਣ ਕੋਰੋਨਾ ਦੀ ਦਸਤਕ ਬਾਅਦ ਸਥਿਤੀ ਨੂੰ ਦੇਖਦਿਆਂ ਪੰਜਾਬ ਵਾਂਗ ਇਕ ਦਿਨ ਦਾ ਹੀ ਕਰ ਦਿਤਾ ਗਿਆ ਹੈ। ਹਰਿਆਣਾ ਵਿਧਾਨ ਸਭਾ ਦੇ 300 ਤੋਂ ਵੱਧ ਸਟਾਫ਼ ਮੈਂਬਰਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਸਮੇਤ 3 ਮੰਤਰੀ ਤੇ ਇਕ ਦਰਜਨ ਵਿਧਾਇਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਹਰਿਆਣਾ ਦੇ 3 ਵਿਧਾਇਕਾਂ ਦੀ ਰੀਪੋਰਟ ਵੀ ਪਾਜ਼ੇਟਿਵ ਹੈ। ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ 28 ਅਗੱਸਤ ਨੂੰ ਹੋਣ ਵਾਲਾ ਹੈ। ਵਿਧਾਨ ਸਭਾ ਕੰਪਲੈਕਸ ਅੰਦਰ ਕਰੋਨਾ ਦੀ ਦਸਤਕ ਤੋਂ ਬਾਅਦ ਇੱਥੇ ਹੋਣ ਵਾਲੇ ਦੋਵਾਂ ਸੈਸ਼ਨ ਨੂੰ ਲੈ ਕੇ ਅਨਿੱਸਚਤਾ ਦਾ ਮਾਹੌਲ ਬਣ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।