ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੋਨਾ ਰਿਪੋਰਟ ਆਈ ਪੋਜ਼ੇਟਿਵ, ਟਵੀਟ ਜ਼ਰੀਏ ਖੁਦ ਦਿਤੀ ਜਾਣਕਾਰੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਪਣੇ ਸੰਪਰਕ ਵਿਚ ਆਉਣ ਵਾਲਿਆਂ ਨੂੰ ਵੀ ਜਾਂਚ ਕਰਵਾਉਣ ਦੀ ਦਿਤੀ ਸਲਾਹ

Home Minister Amit Shah

ਨਵੀਂ ਦਿੱਲੀ : ਦੇਸ਼ ਅੰਦਰ ਕੋਰੋਨਾ ਕੇਸਾਂ ਦੀ ਵਧਦੀ ਗਿਣਤੀ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਰੋਨਾ ਰਿਪੋਰਟ ਵੀ ਪਾਜ਼ੇਟਿਵ ਆ ਗਈ ਹੈ। ਇਸ ਸਬੰਧੀ ਉਨ੍ਹਾਂ ਖੁਦ ਟਵੀਟ ਜ਼ਰੀਏ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 'ਕਰੋਨਾ ਦੇ ਮੁਢਲੇ ਲੱਛਣਾਂ ਨੂੰ ਵੇਖਦਿਆਂ, ਮੈਂ ਟੈਸਟ ਕਰਵਾ ਲਿਆ ਹੈ ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਮੇਰੀ ਸਿਹਤ ਠੀਕ ਹੈ, ਪਰ ਡਾਕਟਰਾਂ ਦੀ ਸਲਾਹ 'ਤੇ ਮੈਨੂੰ ਹਸਪਤਾਲ ਦਾਖ਼ਲ ਕਰਵਾਇਆ ਜਾ ਰਿਹਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਜੋ ਪਿਛਲੇ ਦਿਨਾਂ ਵਿਚ ਮੇਰੇ ਸੰਪਰਕ ਵਿਚ ਆਏ ਹੋ, ਕਿਰਪਾ ਕਰਕੇ ਅਪਣੇ ਆਪ ਨੂੰ ਇਕਾਂਤਵਾਸ ਕਰ ਕੇ ਅਪਣੀ ਜਾਂਚ ਕਰਵਾਉ।''

ਕਾਬਲੇਗੌਰ ਹੈ ਕਿ ਕਰੋਨਾ ਸਬੰਧੀ ਮੁਢਲੇ ਲੱਛਣ ਆਉਣ ਬਾਅਦ ਗ੍ਰਹਿ ਮੰਤਰੀ ਦੇ ਕਰੋਨਾ ਸਬੰਧੀ ਸੈਂਪਲ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਭੇਜੇ ਗਏ ਸਨ, ਜਿੱਥੇ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਕਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤੀ ਦੌਰ ਤੋਂ ਹੀ ਇਸ ਦੀ ਮਾਨੀਟਰਿੰਗ ਕਰਦੇ ਆ ਰਹੇ ਸਨ।

ਉਹ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਰੋਨਾ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਸਨ। ਉਹ ਗ੍ਰਹਿ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਕੇ ਲਗਾਤਾਰ ਕਰੋਨਾ ਸਬੰਧੀ ਅਪਡੇਟ ਲੈ ਰਹੇ ਸਨ। ਇਸ ਤੋਂ ਇਲਾਵਾ ਲੌਕਡਾਊਨ ਤੋਂ ਬਾਅਦ ਦੇਸ਼ ਅੰਦਰ ਜਾਰੀ ਅਨਲੌਕ ਪ੍ਰਕਿਰਿਆ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਨ 'ਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਸੀ।

ਕਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਇਸ ਸਬੰਧੀ ਅੱਜ ਇਹ ਦੂਜੀ ਵੱਡੀ ਖ਼ਬਰ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ 'ਚ ਤਕਨੀਕ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦੇ ਦੇਹਾਂਤ ਦੀ ਖ਼ਬਰ ਆਈ ਸੀ। ਉਨ੍ਹਾਂ ਨੂੰ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਬਾਅਦ ਪਿਛਲੇ ਦਿਨੀਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕਰੋਨਾ ਪਾਜ਼ੇਟਿਵ ਹੋਣ ਦਾ ਅਸਰ ਅਯੁਧਿਆ 'ਚ ਰਾਮ ਮੰਦਰ ਨਿਰਮਾਣ ਸਬੰਧੀ ਹੋਣ ਵਾਲੇ ਸਮਾਗਮਾਂ 'ਤੇ ਪੈਣ ਦੇ ਅਸਾਰ ਹਨ। ਗ੍ਰਹਿ ਮੰਤਰੀ ਨੇ ਵੀ ਇਨ੍ਹਾਂ ਸਮਾਗਮਾਂ 'ਚ ਸ਼ਾਮਲ ਹੋਣਾ ਸੀ, ਜੋ ਹੁਣ ਨਹੀਂ ਜਾ ਸਕਣਗੇ। ਇਸੇ ਤਰ੍ਹਾਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਅਪਣੇ ਕੈਬਨਿਟ ਮੰਤਰੀ ਦੀ ਕਰੋਨਾ ਨਾਲ ਮੌਤ ਤੋਂ ਬਾਅਦ ਅਪਣਾ ਅਯੁੱਧਿਆ ਦੌਰਾ ਰੱਦ ਕਰਨ ਦਾ ਐਲਾਨ ਕਰ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।