ਮੰਗਲਵਾਰ ਨੂੰ ਹੋਵੇਗੀ ਬਲਜਿੰਦਰ ਜਿੰਦੂ ਦੇ ਮਾਮਲੇ ਦੀ ਸੁਣਵਾਈ, ਸ਼ਿਵਸੈਨਾ ਵਿਰੋਧ ਕਰਨ ਪਹੁੰਚੀ ਅਦਾਲਤ
ਪਰ ਅਦਾਲਤ ਵੱਲੋਂ ਸੁਣਵਾਈ ਮੰਗਲਵਾਰ...
ਲੁਧਿਆਣਾ: ਹਿੰਦੂ ਦੇਵੀ-ਦੇਵਤੀਆਂ ਬਾਰੇ ਵਿਚ ਗ਼ਲਤ ਭਾਸ਼ਾ ਦਾ ਇਸਤੇਮਾਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਬਲਜਿੰਦਰ ਸਿੰਘ ਜਿੰਦੂ ਦੇ ਖਿਲਾਫ਼ ਅਦਾਲਤ ਵਿਚ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਟਲ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਕੱਲ੍ਹ ਹੋਣੀ ਹੈ। ਹਿੰਦੂ ਆਗੂਆਂ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਬਲਜਿੰਦਰ ਸਿੰਘ ਜਿੰਦੂ ਕੋਰਟ ਵਿਚ ਅਪਣੀ ਜ਼ਮਾਨਤ ਪਟੀਸ਼ਨ ਲਗਾ ਸਕਦਾ ਹੈ ਜਿਸ ਦਾ ਵਿਰੋਧ ਕਰਨ ਲਈ ਸ਼ਿਵਸੈਨਾ ਪੰਜਾਬ ਦੇ ਆਗੂ ਰਾਜੀਵ ਟੰਡਨ ਅਤੇ ਸੰਜੀਵ ਥਾਪਰ ਦੀ ਅਗਵਾਈ ਵਿਚ ਸ਼ਿਵ ਸੈਨਿਕ ਅਦਾਲਤ ਪਹੁੰਚੇ ਸਨ।
ਪਰ ਅਦਾਲਤ ਵੱਲੋਂ ਸੁਣਵਾਈ ਮੰਗਲਵਾਰ ਤਕ ਟਲ ਗਈ ਹੈ। ਸ਼ਿਵਸੈਨਾ ਆਗੂ ਰਾਜੀਵ ਟੰਡਨ ਦਾ ਕਹਿਣਾ ਹੈ ਕਿ ਪੁਲਿਸ ਨੂੰ ਉਸ ਨੂੰ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਅਤੇ ਰਿਮਾਂਡ ਤੇ ਲੈ ਕੇ ਉਸ ਤੋਂ ਪੁਛਗਿੱਛ ਕਰਨੀ ਚਾਹੀਦੀ ਹੈ ਨਹੀਂ ਤਾਂ ਲੋਕ ਸੜਕਾਂ ਤੇ ਪ੍ਰਦਰਸ਼ਨ ਕਰਨਗੇ। ਸੰਜੀਵ ਥਾਪਰ ਨੇ ਐਲਾਨ ਕੀਤਾ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਬਲਜਿੰਦਰ ਸਿੰਘ ਜਿੰਦੂ ਖਿਲਾਫ ਅਦਾਲਤ ਵਿਚ ਹਰ ਤਰ੍ਹਾਂ ਦੀ ਲੜਾਈ ਲੜਨਗੇ।
ਮਹਾਂਮੰਡਲੇਸ਼ਵਰ ਮੁਕੇਸ਼ਾਨੰਦ ਗਿਰੀ ਮਹਾਰਾਜ ਨੇ ਸਮਾਜ ਸੇਵੀ ਬਲਜਿੰਦਰ ਜਿੰਦੂ ਦੀ ਤਰਫੋਂ ਭਗਵਾਨ ਸ਼੍ਰੀ ਰਾਮ ਦੇ ਖਿਲਾਫ ਅਸ਼ਲੀਲ ਭਾਸ਼ਾ ਦੀ ਵਰਤੋਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜਿੰਦੂ ਸਸਤੀ ਪ੍ਰਸਿੱਧੀ ਪ੍ਰਾਪਤ ਕਰਨ ਲਈ ਸਨਾਤਨ ਧਰਮ ਦੇ ਸ਼ਰਧਾਲੂ ਸ੍ਰੀ ਰਾਮ ਵਿਰੁੱਧ ਟਿੱਪਣੀ ਕਰਕੇ ਕਰੋੜਾਂ ਹਿੰਦੂਆਂ ਦੇ ਦਿਲਾਂ ਨੂੰ ਢਾਹ ਲਾ ਰਿਹਾ ਹੈ। ਜਿੰਦੂ 'ਤੇ ਦਰਜ ਕੀਤੇ ਕੇਸ 'ਤੇ ਅਸੰਤੁਸ਼ਟੀ ਜ਼ਾਹਰ ਕਰਦਿਆਂ ਮੁਕੇਸ਼ਾਨੰਦ ਗਿਰੀ ਨੇ ਕਿਹਾ ਕਿ ਲੁਧਿਆਣਾ ਪੁਲਿਸ ਮਹਿਜ਼ ਕੁੱਟਮਾਰ ਕਰ ਰਹੀ ਸੀ।
ਉਸ ਨੇ ਹਿੰਦੂ ਸੰਗਠਨਾਂ ਨੂੰ ਇੱਕਜੁੱਟ ਹੋ ਕੇ ਜਿੰਦੂ ਖਿਲਾਫ ਲੜਨ ਦੀ ਅਪੀਲ ਕੀਤੀ। ਦਸ ਦਈਏ ਕਿ ਪਿਛਲੇ ਦਿਨੀਂ ਗੁਰੂ ਨਾਨਕ ਮੋਦੀ ਖਾਨਾ ਚਲਾਉਣ ਤੋਂ ਮਸ਼ਹੂਰ ਹੋਏ ਬਲਜਿੰਦਰ ਸਿੰਘ ਜਿੰਦੂ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ। ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਜਿੰਦੂ ਨੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ‘ਤੇ ਜਿੰਦੂ ਖਿਲਾਫ਼ ਸ਼ਿਵ ਸੈਨਾ ਪੰਜਾਬ ਵੱਲੋਂ ਥਾਣਾ ਡਵੀਜ਼ਨ ਨੰਬਰ ਅੱਠ ‘ਚ ਸ਼ਿਕਾਇਤ ਦਿੱਤੀ ਗਈ ਹੈ।
ਆਗੂਆਂ ਦਾ ਕਹਿਣਾ ਹੈ ਕਿ ਬਲਜਿੰਦਰ ਸਿੰਘ ਜਿੰਦੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਸ੍ਰੀ ਰਾਮ ਚੰਦਰ, ਮਾਤਾ ਸੀਤਾ ਜੀ ਅਤੇ ਹਨੂੰਮਾਨ ਜੀ ਦੇ ਨਾਮ ਬਿਨਾਂ ਇੱਜ਼ਤ ਦਿੱਤੇ ਲਏ ਜਿਸ ਕਰਕੇ ਹਿੰਦੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ। ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਜਿੰਦੂ ਖ਼ਿਲਾਫ਼ 295 ਏ ਦੀ ਐੱਫਆਈਆਰ ਦਰਜ ਕੀਤੀ ਹੈ।