SGPC ਦੇ ਸਕੱਤਰ ਡਾ. ਰੂਪ ਸਿੰਘ ਵੱਲੋਂ ਗੁਰਦਾਸ ਮਾਨ ਦੇ ਵਿਵਾਦਤ ਬਿਆਨ ਦੀ ਨਿੰਦਾ

ਏਜੰਸੀ

ਖ਼ਬਰਾਂ, ਪੰਜਾਬ

ਡਾ. ਰੂਪ ਸਿੰਘ ਨੇ ਗੁਰਦਾਸ ਮਾਨ ਨੂੰ ਦਿੱਤੀ ਨਸੀਹਤ

SGPC Secretary Dr. Roop Singh and Gurdaas Maan

ਅੰਮ੍ਰਿਤਸਰ:ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਜਿੱਥੇ ਹਿੰਦੀ ਭਾਸ਼ਾ ਦਾ ਪੱਖ ਪੂਰਦੇ ਨਜ਼ਰ ਆ ਰਹੇ ਹਨ ਉੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਵੱਲੋਂ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ ਪ੍ਰਤੀ ਸਮਰਪਿਤ ਰਹਿਣ ਦੀ ਨਸੀਹਤ ਦਿੱਤੀ ਗਈ ਹੈ। ਇੰਨਾ ਹੀ ਨਹੀਂ ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਵੱਲੋਂ ਦੇਸ਼ਾਂ ਵਿਦੇਸ਼ਾ ਵਿਚ ਵਸਦੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਗਈ ਹੈ।

ਜਿਸ ‘ਤੇ ਗੁਰਦਾਸ ਮਾਨ ਪੰਜਾਬੀਆਂ ਤੋਂ ਮੁਆਫੀ ਮੰਗੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਨੀਵੀਂ ਦਰਸਾਉਣ ਵਾਲਾ ਪੰਜਾਬੀ ਨਹੀਂ ਹੋ ਸਕਦਾ। ਜ਼ਿਕਰਯੋਗ ਹੈ ਕਿ ਕੈਨੇਡਾ ਸ਼ੋਅ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਲੀ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ। ਉੱਥੇ ਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਦੇ ਪਿੱਠ ‘ਚ ਛੁਰਾ ਮਾਰਿਆ ਹੈ।

ਇੰਨਾਂ ਹੀ ਨਹੀਂ ਤੇਜਵੰਤ ਮਾਨ ਨੇ ਗੁਰਦਾਸ ਮਾਨ ‘ਤੇ ਤਿੱਖ਼ੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਗੁਰਦਾਸ ਮਾਨ ਨੇ ਸਾਰੀ ਉਮਰ ਪੰਜਾਬੀ ਬੋਲੀ ਨੂੰ ਕਰੋੜਾਂ ਰੁਪਏ ਕਮਾਏ ਹਨ ਪਰ ਹੁਣ ਉਸ ਦਾ ਦਿਮਾਗ ਹਿੱਲ ਗਿਆ ਹੈ। ਉੱਧਰ ਦੂਜੇ ਪਾਸੇ  ਵਿਦੇਸ਼ਾਂ 'ਚ ਸ਼ੋਅ ਦੌਰਾਨ ਵੀ ਗੁਰਦਾਸ ਮਾਨ ਨੂੰ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 ਦੱਸ ਦੇਈਏ ਕਿ ਗੁਰਦਾਸ ਮਾਨ ਵੱਲੋਂ ਕੈਨੇਡਾ ਦੇ ਰੇਡੀਓ 'ਤੇ ਇੰਟਰਵਿਊ ਦੌਰਾਨ ਇਹ ਕਿਹਾ ਗਿਆ ਹੈ ਕਿ ਜਦੋਂ ਅਸੀਂ ਹਿੰਦੀ ਫਿਲਮਾਂ ਦੇਖ ਸਕਦੇ ਹਾਂ ਤਾਂ ਫਿਰ ਪੂਰੇ ਦੇਸ਼ 'ਚ ਹਿੰਦੀ ਲਾਗੂ ਹੋਣ ਨਾਲ ਕੀ ਫ਼ਰਕ ਪੈਂਦਾ ਹੈ। ਇੰਨਾ ਹੀ ਨਹੀਂ ਮਾਨ ਨੇ ਕਿਹਾ ਕਿ ਜੇ ਅਸੀ ਆਪਣੀ ਮਾਂ ਦਾ ਖਿਆਲ ਰੱਖ ਸਕਦੇ ਹਾਂ ਤਾਂ ਮਾਸੀ ਦਾ ਖਿਆਲ ਰੱਖਣਾ ਵੀ ਸਾਡਾ ਫਰਜ਼ ਬਣਦਾ ਹੈ। ਜਿਸ ਤੋਂ ਬਾਅਦ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਮਾਨ ਦਾ ਡਟਵਾਂ ਵਿਰੋਧ ਕਰ ਕੇ ਲਾਹਨਤਾਂ ਪਾਈਆ ਜਾ ਰਹੀਆਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।