29 ਜੂਨ ਨੂੰ ਮੰਤਰੀਆਂ ਦਾ ਸਮੂਹ ਅਕਾਲ ਤਖ਼ਤ ਦੇ ਜਥੇਦਾਰ ਤੇ SGPC ਪ੍ਰਧਾਨ ਨਾਲ ਕਰੇਗਾ ਭੇਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੰਤਰੀਆਂ ਦੇ ਸਮੂਹ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਮਨਾਉਣ ਸਬੰਧੀ 29 ਜੂਨ ਨੂੰ ਅਕਾਲ ਤਖਤ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨਾਲ ਭੇਟ...

Group of Ministers to meet Jathedar Sri Akal Takht Sahib & SGPC President on 29th June

ਚੰਡੀਗੜ੍ਹ: ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਅਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ 'ਤੇ ਆਧਾਰਤ ਮੰਤਰੀਆਂ ਦੇ ਸਮੂਹ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਮਨਾਉਣ ਸਬੰਧੀ 29 ਜੂਨ ਨੂੰ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਨਾਲ ਭੇਟ ਕਰਕੇ ਅਗਵਾਈ ਲਈ ਜਾਵੇਗੀ। ਉਸੇ ਦਿਨ ਹੀ ਸ੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਮਿਲ ਕੇ 550ਵਾਂ ਪ੍ਰਕਾਸ ਪੁਰਬ ਮਨਾਉਣ ਸਬੰਧੀ ਸਹਿਯੋਗ ਮੰਗਿਆ ਜਾਵੇਗਾ।

ਇਹ ਫ਼ੈਸਲਾ ਅੱਜ ਇੱਥੇ ਸੈਕਟਰ-38 ਸਥਿਤ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਦਫਤਰ ਵਿਖੇ ਮੰਤਰੀਆਂ ਦੇ ਸਮੂਹ (ਜੀ.ਓ.ਐਮ.) ਦੀ ਹੋਈ ਮੀਟਿੰਗ ਵਿਚ ਲਿਆ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਵਾਸਤੇ ਸਾਂਝੇ ਮੰਚ ਲਈ ਸੂਬਾ ਸਰਕਾਰ ਦੀ ਮਦਦ ਕਰਨ ਲਈ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਤੱਕ ਪਹੁੰਚ ਕਰਨ ਲਈ ਮੰਤਰੀਆਂ ਦਾ ਸਮੂਹ ਬਣਾਇਆ ਗਿਆ।

ਮੀਟਿੰਗ ਦੇ ਵੇਰਵੇ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੰਤਰੀਆਂ ਵਲੋਂ ਮੀਟਿੰਗ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਤੇ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ ਨਾਲ ਫ਼ੋਨ ਉਤੇ ਗੱਲਬਾਤ ਕਰ ਕੇ ਸਮਾਂ ਮੰਗਿਆਂ ਜਿਸ ਉਪਰੰਤ 29 ਜੂਨ ਨੂੰ ਭੇਟ ਕਰਨ ਦਾ ਫ਼ੈਸਲਾ ਹੋਇਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਆਰ, ਸ਼ਾਂਤੀ, ਸਦਭਾਵਨਾ ਅਤੇ ਭਾਈਚਾਰੇ ਦੇ ਸੰਦੇਸ਼ ਦੀ ਤਰਜ 'ਤੇ ਇਸ ਮਹਾਨ ਸਮਾਰੋਹ ਨੂੰ ਮਨਾਉਣ ਲਈ ਮੰਤਰੀਆਂ ਦਾ ਸਮੂਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ 29 ਜੂਨ ਨੂੰ ਭੇਟ ਕਰਕੇ ਸਿੰਘ ਸਾਹਿਬ ਤੋਂ 550ਵਾਂ ਪ੍ਰਕਾਸ ਪੁਰਬ ਮਨਾਉਣ ਲਈ ਅਗਵਾਈ ਹਾਸਲ ਕਰੇਗਾ। ਇਸੇ ਤਰ੍ਹਾਂ ਐਸ.ਜੀ.ਪੀ.ਸੀ. ਦੇ ਪ੍ਰਧਾਨ ਭਾਈ ਲੌਂਗੋਵਾਲ ਨਾਲ ਮੁਲਾਕਾਤ ਕਰ ਕੇ ਸਹਿਯੋਗ ਦੀ ਮੰਗ ਕਰੇਗਾ ਤਾਂ ਜੋ ਸ਼ਤਾਬਦੀ ਸਮਾਗਮ ਨੂੰ ਯਾਦਗਾਰੀ ਬਣਾਇਆ ਜਾ ਸਕੇ।

ਮੀਟਿੰਗ ਦੌਰਾਨ ਮੰਤਰੀਆਂ ਦੇ ਸਮੂਹ ਵਲੋਂ ਸਮਾਗਮਾਂ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਬਾਰੇ ਗੱਲ ਹੋਈ। ਮੀਟਿੰਗ ਦੌਰਾਨ ਸ਼ਰਧਾਲੂਆਂ ਦੇ ਆਉਣ-ਜਾਣ ਦੇ ਪ੍ਰਬੰਧ, ਮੁੱਖ ਸਮਾਗਮਾਂ ਦੇ ਗੇਟ ਦੁਆਰ, ਪੰਡਾਲ ਤੇ ਸਟੇਜ, ਸਮਾਗਮ ਦੇ ਨਾਲ ਪ੍ਰਦਰਸ਼ਨੀਆਂ ਆਦਿ ਬਾਰੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਦੱਸਿਆ ਗਿਆ ਕਿ ਖੇਡ ਵਿਭਾਗ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਸਬ ਡਿਵੀਜ਼ਨ ਪੱਧਰ ਤੋਂ ਲੈ ਕੇ ਕੌਮਾਂਤਰੀ ਕਬੱਡੀ ਮੁਕਾਬਲੇ ਕਰਵਾਏ ਜਾਣਗੇ। 

ਮੀਟਿੰਗ ਵਿਚ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਪ੍ਰਮੁੱਖ ਸਕੱਤਰ, ਸੈਰ ਸਪਾਟਾ ਅਤੇ ਸੱਭਿਆਚਾਰ ਵਿਕਾਸ ਪ੍ਰਤਾਪ, ਪ੍ਰਮੁੱਖ ਸਕੱਤਰ, ਟਰਾਂਸਪੋਰਟ ਕੇ ਸਵਾ ਪ੍ਰਸਾਦ, ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬ ਲਲਿਤ ਕਲਾ ਅਕਾਦਮੀ ਦੇ ਪ੍ਰਧਾਨ ਦੀਵਾਨ ਮਾਨਾ, ਸੈਰ ਸਪਾਟਾ ਵਿਭਾਗ ਦੇ ਜੁਆਇੰਟ ਡਾਇਰੈਕਟਰ ਲਖਮੀਰ ਸਿੰਘ, ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਸੈਂਹਬੀ ਆਦਿ ਹਾਜ਼ਰ ਸਨ।