ਕਾਂਗਰਸ ਨੇ ਢਾਹਿਆ ਅਕਾਲੀਆਂ ਦਾ ਕਿਲ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ 16,669 ਵੋਟਾਂ ਨਾਲ ਜੇਤੂ

Punjab By-Election Results 2019: Congress wins Jalalabad seat

ਫ਼ਾਜਿਲਕਾ : ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। ਹਲਕਾ ਮੁਕੇਰੀਆਂ, ਫਗਵਾੜਾ ਤੇ ਜਲਾਲਾਬਾਦ 'ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਦਾਖਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਆਈ ਹੈ। ਸੁਖਬੀਰ ਬਾਦਲ ਦਾ ਗੜ੍ਹ ਕਹੇ ਜਾਣ ਵਾਲੇ ਜਲਾਲਾਬਾਦ ਹਲਕੇ 'ਚ ਰਮਿੰਦਰ ਆਵਲਾ ਨੇ ਕਾਂਗਰਸ ਦਾ ਝੰਡਾ ਲਹਿਰਾ ਦਿੱਤਾ।

ਹਲਕਾ ਜਲਾਲਾਬਾਦ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਸਾਰੇ ਰਾਊਂਡਾਂ 'ਚੋਂ ਵੱਧ ਤੋਂ ਵੱਧ ਵੋਟਾਂ ਹਾਸਲ ਕਰ ਕੇ ਬਾਕੀ ਦੇ ਉਮੀਦਵਾਰਾਂ ਤੋਂ 76,098 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਅਕਾਲੀ ਦਲ ਦੇ ਉਮੀਦਵਾਰ ਰਾਜ ਸਿੰਘ ਡਿੱਬੀਪੁਰਾ ਇਕ ਵਾਰ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਤੋਂ ਅੱਗੇ ਨਹੀਂ ਨਿਕਲ ਸਕੇ। ਉਥੇ ਹੀ 'ਆਪ' ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਨੂੰ ਬਹੁਤ ਘੱਟ ਵੋਟਾਂ ਪਈਆਂ।

ਰਮਿੰਦਰ ਸਿੰਘ ਆਵਲਾ ਨੂੰ 76,098, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਿੰਘ ਡਿੱਬੀਪੁਰਾ ਨੂੰ 59,439, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ ਨੂੰ 11,301 ਵੋਟਾਂ ਮਿਲੀਆਂ ਹਨ। ਇਸ ਦੌਰਾਨ ਕਾਂਗਰਸ ਦੇ ਰਮਿੰਦਰ ਸਿੰਘ ਆਵਲਾ 16,669 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ।