ਪੁਲਿਸ ਹਿਰਾਸਤ ‘ਚੋਂ ਘਰ ਪਰਤਣ ‘ਤੇ ਵਿਅਕਤੀ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਲਾਏ ਪੁਲਿਸ 'ਤੇ ਨਾਜ਼ਾਇਜ ਹਿਰਾਸਤ ਵਿੱਚ ਲੈ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼

Picture

ਭਿੱਖੀਵਿੰਡ : ਥਾਣਾ ਵਲਟੋਹਾ ਦੇ ਵਿੱਚ ਵਿਅਕਤੀ ਨੂੰ ਕਥਿਤ ਨਾਜਾਇਜ਼ ਹਿਰਾਸਤ ਵਿਚ ਲੈ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਪਰਿਵਾਰ ਦੇ ਹਵਾਲੇ ਕਰ ਦੇਣ ਮਗਰੋਂ ਉਸ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਮਰੇ ਵਿਅਕਤੀ ਦੀ ਪਹਿਚਾਣ ਗੋਰਾ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਅਲਗੋਂ ਖੁਰਦ ਵਜੋਂ ਹੋਈ ਹੈ । ਪਿੰਡ ਦੀ ਕਿਸੇ ਔਰਤ ਨੇ ਉਸ ਖ਼ਿਲਾਫ਼ ਛੇੜਛਾੜ ਕਰਨ ਦਾ ਕੇਸ ਦਰਜ ਕਰਵਾਇਆ ਸੀ ।

ਪੁਲਿਸ ਚੌਕੀ ਅਲਗੋਂ ਕੋਠੀ ਉਸ ਨੂੰ ਲੈ ਗਈ ਸੀ ਤੇ ਦੋ ਦਿਨ ਆਪਣੀ ਨਾਜਾਇਜ਼ ਹਵਾਲਾਤ ਵਿਚ ਰੱਖਿਆ । ਇਸ ਤੋਂ ਬਾਅਦ ਪੁਲਿਸ ਚੌਕੀਂ ਨੇ ਮੁਲਾਜ਼ਮਾਂ ਨੇ ਉਸ ਨੂੰ ਥਾਣਾ ਵਲਟੋਹਾ ਵਿਖੇ ਭੇਜ ਦਿੱਤਾ ਅਤੇ 2 ਦਿਨ ਉੱਥੇ ਵੀ ਉਸ ਨੂੰ ਨਾਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਥਾਣਾ ਵਲਟੋਹਾ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਕਿ ਆਪਣੇ ਲੜਕੇ ਨੂੰ ਲੈ ਜਾਓ ਉਸ ਦੀ ਹਾਲਤ ਠੀਕ ਨਹੀਂ ਹੈ, ਜਿਸ ਤੋਂ ਬਾਅਦ ਉਸ ਨੂੰ ਘਰ ਲਿਆਂਦਾ ਗਿਆ ਅਤੇ ਫਿਰ ਹਸਪਤਾਲ ਲੈ ਕੇ ਗਏ, ਜਿੱਥੇ ਉਸ ਦੀ ਮੌਤ ਹੋ ਗਈ ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਚੌਕੀਂ ਦਾ ਘਿਰਾਓ ਕਰਕੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ । ਗੋਰਾ ਸਿੰਘ ਦੀ ਲਾਸ਼ ਸਿਵਲ ਹਸਪਤਾਲ ਪੱਟੀ ਵਿਚ ਹੈ ਅਤੇ ਉਹ ਵੀ ਪਰਿਵਾਰ ਨੂੰ ਨਹੀਂ ਦਿੱਤੀ । ਇਸ ਬਾਰੇ ਥਾਣਾ ਵਲਟੋਹਾ ਦੇ ਐੱਸਐੱਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਹਿਰਾਸਤ ਵਿੱਚ ਗੋਰਾ ਸਿੰਘ ਦੀ ਹਾਲਤ ਹਾਲਤ ਠੀਕ ਸੀ ਤੇ ਉਸ ਨੂੰ ਦਵਾਈ ਦਿਵਾਉਣ ਲਈ ਹੀ ਪਰਿਵਾਰ ਹਵਾਲੇ ਕੀਤਾ ਗਿਆ ਸੀ ।