ਸਕੂਲ ਆਫ਼ ਐਮੀਨੈਂਸ ਦੇ 162 ਸਰਕਾਰੀ ਅਧਿਆਪਕਾਂ ਦੇ ਤਬਾਦਲੇ ਰੱਦ; 10 ਦਿਨ ਪਹਿਲਾਂ ਜਾਰੀ ਹੋਏ ਸੀ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿਚ ਰੱਖਦਿਆਂ ਲਿਆ ਫ਼ੈਸਲਾ

162 teachers from Punjab govt schools transferred to ‘Schools of Eminence’

 


ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚੋਂ ਸਕੂਲਜ਼ ਆਫ਼ ਐਮੀਨੈਂਸ (SOE) ਵਿਚ 162 ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਰੱਦ ਕਰ ਦਿਤੇ ਹਨ। ਦਸ ਦਿਨ ਪਹਿਲਾਂ ਸਕੂਲ ਸਿੱਖਿਆ ਦੇ ਡਾਇਰੈਕਟਰ (ਸੈਕੰਡਰੀ) ਨੇ ਸਰਕਾਰੀ ਸਕੂਲਾਂ ਵਿਚੋਂ 162 ਅਧਿਆਪਕਾਂ ਦੇ ਐਸ.ਓ.ਈਜ਼ ਵਿਚ ਤਬਾਦਲੇ ਕਰਨ ਦੇ ਹੁਕਮ ਦਿਤੇ ਸਨ।

ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੱਤਰ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਕਿ ਮੌਜੂਦਾ ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਧਿਆਨ ਵਿਚ ਰੱਖਦਿਆਂ 162 ਅਧਿਆਪਕਾਂ, ਲੈਕਚਰਾਰਾਂ ਅਤੇ ਕੰਪਿਊਟਰ ਅਧਿਆਪਕਾਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾ ਰਹੇ ਹਨ।

ਹੁਕਮਾਂ ਨੂੰ ਰੱਦ ਕਰਨ ਦੇ ਫ਼ੈਸਲੇ ਨਾਲ ਬਹੁਤ ਸਾਰੇ ਅਧਿਆਪਕਾਂ ਨੂੰ ਰਾਹਤ ਮਿਲੀ ਹੈ। ਕਈ ਸਕੂਲਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਸਟਾਫ ਪਹਿਲਾਂ ਹੀ ਘੱਟ ਹੈ। ਸਾਂਝਾ ਅਧਿਆਪਕ ਮੋਰਚਾ ਨੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਦਾਅਵਾ ਕੀਤਾ ਕਿ ਹੁਕਮਾਂ ਵਿਰੁਧ ਅਧਿਆਪਕਾਂ ਦੀ ਕਾਰਵਾਈ ਨੇ ਵਿਭਾਗ ਨੂੰ ਤਬਾਦਲਿਆਂ 'ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ। ਸੂਬੇ ਭਰ ਵਿਚ ਕੁੱਲ ਮਿਲਾ ਕੇ 162 ਅਧਿਆਪਕਾਂ ਦਾ ਤਬਾਦਲਾ ਕੀਤਾ ਗਿਆ ਸੀ।