ਸ਼੍ਰੋਮਣੀ ਅਕਾਲੀ ਦਲ ਲਈ 100ਵਾਂ ਸਾਲ ਸੁਖ ਸ਼ਾਂਤੀ ਨਾਲ ਲੰਘਣਾ ਔਖਾ ਹੋਇਆ
ਪੰਥਕ ਧਿਰਾਂ ਵਲੋਂ ਦੋ ਦਸੰਬਰ ਨੂੰ ਚੰਡੀਗੜ੍ਹ ਵਿਚ ਇਕ ਸਮਾਗਮ ਦੌਰਾਨ ਵੱਡੇ ਐਲਾਨ ਦੀ ਸੰਭਾਵਨਾ, ਢੀਂਡਸਾ ਨੇ ਕਿਹਾ, ਨਾ ਭਾਜਪਾ ਤੇ ਨਾ ਹੀ ਕਾਂਗਰਸ ਮੁਆਫ਼ਕ
ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਸ਼੍ਰੋਮਣੀ ਅਕਾਲੀ ਦਲ ਅਗਲੇ ਸਾਲ ਅਪਣੇ 100 ਵਰ੍ਹੇ ਪੂਰੇ ਕਰਨ ਜਾ ਰਿਹਾ ਹੈ ਪਰ ਬਦਲ ਰਹੇ ਹਾਲਾਤ ਮੁਤਾਬਕ 2020 ਬਾਦਲਕਿਆਂ ਲਈ ਸੁਖ ਸ਼ਾਂਤੀ ਨਾਲ ਲੰਘਣ ਵਾਲਾ ਨਹੀਂ। ਬਾਦਲ ਵਿਰੋਧੀ ਪੰਥਕ ਧਿਰਾਂ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਹੱਥ ਸੂਬੇ ਦੀ ਵਾਂਗਡੋਰ ਦੇਣ ਲਈ ਇਕਮਤ ਹਨ। ਯੂਨਾਈਟਿਡ ਅਕਾਲੀ ਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿਚ ਦੋ ਦਸੰਬਰ ਨੂੰ ਹੋ ਰਹੇ ਇਕ ਸਮਾਗਮ ਦੌਰਾਨ ਵੱਡਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸਮਾਗਮ ਵਿਚ ਸ. ਸੁਖਦੇਵ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਦਲ ਦੇ ਉਚ ਭਰੋਸੇਯੋਗ ਸੂਤਰਾਂ ਦਾ ਦਾਅਵਾ ਹੈ ਕਿ ਸ. ਢੀਂਡਸਾ ਦੀਆਂ ਬਾਦਲਾਂ ਵਿਰੁਧ ਖੜੇ ਕੀਤੇ ਜਾ ਰਹੇ ਗਠਜੋੜ ਨਾਲ ਮੀਟਿੰਗਾਂ ਚਲ ਰਹੀਆਂ ਹਨ ਤੇ ਸ. ਢੀਂਡਸਾ ਨੂੰ ਅਗਲੇ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਜਾ ਚੁਕੀ ਹੈ। ਸੂਤਰ ਤਾਂ ਇਹ ਵੀ ਦਸਦੇ ਹਨ ਕਿ ਸੰਤ ਸੇਵਾ ਸਿੰਘ ਰਾਮਪੁਰ ਖੇੜੀ ਨੂੰ ਨਵੇਂ ਦਲ ਦਾ ਪ੍ਰਧਾਨ ਬਣਾਇਆ ਜਾ ਰਿਹਾ ਹੈ। ਇਹ ਵੱਡਾ ਐਲਾਨ ਦੋ ਦਸੰਬਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਸ. ਢੀਂਡਸਾ ਨੇ ਇਸ ਵਾਰ ਕਿਸੇ ਵੀ ਸਿਆਸੀ ਸਰਗਰਮੀ ਬਾਰੇ ਪੱਤੇ ਖੋਲ੍ਹਣ 'ਤੇ ਸੰਕੋਚ ਕਰਦਿਆਂ ਕਿਹਾ ਕਿ ਉਹ ਦੋ ਦਸੰਬਰ ਦੇ ਸਮਾਗਮ ਵਿਚ ਜ਼ਰੂਰ ਸ਼ਾਮਲ ਹੋਣਗੇ।
ਦੋ ਦਸੰਬਰ ਦੇ ਸਮਾਗਮ ਵਿਚ ਗੁਰਪ੍ਰਤਾਪ ਸਿੰਘ ਬਡਾਲਾ, ਭਾਈ ਗੁਰਬਖ਼ਸ਼ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਅਜੀਤ ਸਿੰਘ ਬੈਂਸ ਦਾ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੇ 550 ਪਿੰਡਾਂ ਦੇ ਗੁਰੂਘਰਾਂ ਵਿਚ ਲਾਇਬ੍ਰੇਰੀਆਂ ਖੋਲ੍ਹਣ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਬਿਨਾਂ ਇਕ ਸਮਾਜ ਸੁਧਾਰ ਲਹਿਰ ਵੀ ਸ਼ੁਰੂ ਕੀਤਾ ਜਾਵੇਗੀ। ਇਸ ਲਹਿਰ ਤਹਿਤ 'ਇਕ ਪਿੰਡ ਇਕ ਗੁਰਦਵਾਰਾ' ਮੁਹਿੰਮ ਅਤੇ ਦਹੇਜ ਵਿਰੁਧ ਮੁਹਿੰਮ ਛੇਤੀ ਜਾ ਰਹੀ ਹੈ। ਦੋ ਦਸੰਬਰ ਦੇ ਇਕੱਠ ਲਈ ਅਕਾਲੀ ਦਲ ਮਾਨ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਟਕਸਾਲੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਸਮੇਤ ਹੋਰ ਸਿਆਸੀ ਪਾਰਟੀਆਂ ਦਾ ਸਹਿਯੋਗ ਲਿਆ ਗਿਆ ਹੈ।
ਦਲ ਦੇ ਸੂਤਰਾਂ ਅਨੁਸਾਰ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਧਿਆਨ ਸਿੰਘ ਮੰਡ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਰਵੀਇੰਦਰ ਸਿੰਘ ਨਾਲ ਸੰਪਰਕ ਨਹੀਂ ਕੀਤਾ ਗਿਆ ਹੈ। ਇਸ ਦੌਰਾਨ ਦਲ ਨੇ ਕੁੱਝ ਕੀਤੀਆਂ ਨਵੀਆਂ ਨਿਯੁਕਤੀਆਂ ਵਿਚ ਵਪਾਰ ਮੰਡਲ ਪੰਜਾਬ ਦਾ ਕਨਵੀਨਰ ਅਸ਼ੋਕ ਕੁਮਾਰ ਚੁੱਘ, ਬਰਨਾਲਾ ਜ਼ਿਲ੍ਹੇ ਦਾ ਪ੍ਰਧਾਨ ਗੁਰਸੇਵਕ ਸਿੰਘ ਧੂਰਕੋਟ, ਨਵਾਂਸ਼ਹਿਰ ਜ਼ਿਲ੍ਹੇ ਦਾ ਪ੍ਰਧਾਨ ਕੁਲਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਪ੍ਰੈਸ ਸਕੱਤਰ ਬਣਾ ਦਿਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।