ਕਿਸਾਨੀ ਲਾਮਬੰਦੀ ਤੋਂ ਸਰਕਾਰਾਂ ’ਚ ਘਬਰਾਹਟ, ਗੱਲਬਾਤ ਤੇ ਰਸਤਾ ਰੋਕਣ ਵਰਗੇ ਹੱਥਕੰਡਿਆਂ ਦਾ ਦੌਰ ਸ਼ੂਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਿਆਣਾ ਦੀ ਸਖ਼ਤੀ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਹੋਰ ਤਿੱਖਾ ਹੋਣ ਦੇ ਆਸਾਰ

Farmers Protest,

ਚੰਡੀਗੜ੍ਹ : ਪੰਜਾਬ ਅੰਦਰ ‘ਸੰਘਰਸ਼ੀ ਪਾਰਾ’ ਭਰ-ਜ਼ੋਬਨ ਸਥਿਤੀ ’ਚ ਪਹੁੰਚ ਚੁੱਕਾ ਹੈ। ਕਿਸਾਨਾਂ ਦੀ ਮਿਸਾਲੀ ਲਾਮਬੰਦੀ ਨੇ ਸਰਕਾਰਾਂ ਨੂੰ ਵੀ ਹੱਥਾਂ-ਪੈਰਾਂ ਦੀ ਪਾ ਦਿਤੀ ਹੈ। ਕਿਸਾਨਾਂ ਦੇ ਦਿੱਲੀ ਵੱਲ ਕੂਚ ਦੀਆਂ ਖ਼ਬਰਾਂ ਸਾਹਮਣੇ ਆਉਣ ਬਾਅਦ ਕੇਂਦਰ ਸਮੇਤ ਹਰਿਆਣਾ ਸਰਕਾਰ ਵੀ ਸਰਗਰਮ ਹੋ ਗਈ ਹੈ। ਸਾਰੀਆਂ ਧਿਰਾਂ ਆਪੋ-ਅਪਣੇ ਹਿਸਾਬ ਨਾਲ ਕਦਮ ਚੁਕਣ ਲੱਗੀਆਂ ਹਨ। ਕਿਸਾਨਾਂ ਨੇ ਵੱਡੀ ਗਿਣਤੀ ਟਰਾਲੀਆਂ ਨੂੰ ਰਹਿਣ-ਸਹਿਣ ਅਤੇ ਹੋਰ ਸਾਜ਼ੋ-ਸਮਾਨ ਨਾਲ ਲੈਸ ਕਰਨ ਬਾਅਦ ਦਿੱਲੀ ਵੱਲ ਵਧਣਾ ਸ਼ੁਰੂ ਕਰ ਦਿਤਾ ਹੈ।

ਕਿਸਾਨੀ ਸੰਘਰਸ਼ ਦੀ ਮਿਸਾਲੀ ਲਾਮਬੰਦੀ ਤੋਂ ਘਬਰਾਈ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ 3 ਦਸੰਬਰ ਦੀ ਮੀਟਿੰਗ  ਸੱਦ ਲਈ ਹੈ। ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਮੁਤਾਬਕ 30 ਤੋਂ ਵੀ ਵੱਧ ਕਿਸਾਨ ਸੰਗਠਨਾਂ ਦੇ ਨੁਮਾਇੰਦਿਆਂ ਨੂੰ 3 ਦਸੰਬਰ ਨੂੰ ਸਵੇਰੇ 11 ਵਜੇ ਵਿਗਿਆਨ ਭਵਨ ਵਿਚ ਵਿਚਾਰ ਵਟਾਂਦਰੇ ਲਈ ਬੁਲਾਇਆ ਗਿਆ ਹੈ। ਸਕੱਤਰ ਵਲੋਂ ਇਹ ਸੱਦਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੀ ਤਰਫੋਂ ਭੇਜਿਆ ਗਿਆ ਹੈ। ਮੀਟਿੰਗ ’ਚ ਖ਼ੁਰਾਕ ਮੰਤਰੀ ਪਿਯੂਸ਼ ਗੋਇਲ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਪੰਜਾਬ ਦੇ ਖ਼ੁਰਾਕ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਗੱਲਬਾਤ ਲਈ ਬੁਲਾਇਆ ਗਿਆ ਹੈ। 

ਕਿਸਾਨਾਂ ਦੇ ਤਿੱਖੇ ਤੇਵਰਾਂ ਨੂੰ ਵੇਖਦਿਆਂ ਕੇਂਦਰ ਸਰਕਾਰ ਦੇ ਮੰਤਰੀ ਵੀ ਸਰਗਰਮ ਹੋ ਗਏ ਹਨ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇਕ ਟੀਵੀ ਚੈਨਲ ਰਾਹੀਂ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨਾਂ ਦੀ ਥਾਂ ਕੇਂਦਰ ਨਾਲ ਗੱਲਬਾਤ ਕਰਨ ਦੀ ਨਸੀਹਤ ਦਿਤੀ ਹੈ। ਕੇਂਦਰੀ ਮੰਤਰੀ ਮੁਤਾਬਕ ਮਸਲੇ ਦਾ ਹੱਲ ਗੱਲਬਾਤ ਰਾਹੀਂ ਹੀ ਨਿਕਲ ਸਕਦਾ ਹੈ ਅਤੇ ਕੇਂਦਰ ਸਰਕਾਰ ਵਿਚਕਾਰਲਾ ਰਸਤਾ ਕੱਢਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਧਰਨੇ ਪ੍ਰਦਰਸ਼ਨਾਂ ਨਾਲ ਕਿਸੇ ਮਸਲੇ ਦਾ ਹੱਲ ਨਹੀਂ ਨਿਕਲ ਸਕਦਾ, ਇਸ ਲਈ ਮਿਲ-ਬੈਠ ਕੇ ਵਿਚਾਰ-ਵਟਾਂਦਰਾ ਕਰਨਾ ਜ਼ਰੂਰੀ ਹੈ। 

ਕਿਸਾਨਾਂ ਦੀ ਦਿੱਲੀ ਵੱਲ ਰਵਾਨਗੀ ਦੀਆਂ ਖ਼ਬਰਾਂ ਵਿਚਾਲੇ ਹਰਿਆਣਾ ਸਰਕਾਰ ਵੀ ਹਰਕਤ ਵਿਚ ਆ ਗਈ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਨੂੰ ਹਰਿਆਣਾ ਵਿਚੋਂ ਲੰਘ ਕੇ ਦਿੱਲੀ ਨਹੀਂ ਜਾਣ ਦਿਤਾ ਜਾਵੇਗਾ। ਹਰਿਆਣਾ ਸਰਕਾਰ ਨੇ ਪੁਲਿਸ ਨੂੰ ਸਖ਼ਤੀ ਕਰਨ ਦੇ ਹੁਕਮ ਦਿਤੇ ਗਏ ਹਨ। ਇਸੇ ਤਹਿਤ ਹਰਿਆਣਾ ਦੇ ਆਈਜੀ ਭਾਰਤੀ ਅਰੋੜਾ ਦੇ ਬਿਆਨ ਸਾਹਮਣੇ ਆਇਆ ਹੈ। ਆਈਜੀ ਭਾਰਤੀ ਅਰੋੜਾ ਨੇ ਸਾਫ਼ ਤੌਰ ’ਤੇ ਕਹਿ ਦਿਤਾ ਹੈ ਕਿ 26 ਤੇ 27 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਜਾਣ ਲਈ ਲਾਂਘਾ ਨਹੀਂ ਦਿਤਾ ਜਾਵੇਗਾ।

ਦੂਜੇ ਪਾਸੇ ਕਿਸਾਨ ਜਥੇਬੰਦੀਆਂ ਅਪਣੇ ਫੈਸਲੇ ’ਤੇ ਅਡਿੱਗ ਹਨ। ਮੀਡੀਆ ਦੇ ਇਕ ਹਿੱਸੇ ’ਚ ਆ ਰਹੀਆਂ ਖ਼ਬਰਾਂ ਮੁਤਾਬਕ ਕਈ ਥਾਈ ਕਿਸਾਨ ਦਿੱਲੀ ਵੱਲ ਕੂਚ ਕਰਨ ਲਈ ਰਵਾਨਾ ਵੀ ਹੋ ਚੁੱਕੇ ਹਨ ਅਤੇ ਕਈ ਥਾਈ ਕਿਸਾਨ ਵੱਡੀ ਗਿਣਤੀ ਵਿਚ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵੱਲ ਵਧਣ ਨੂੰ ਤਿਆਰ ਬੈਠੇ ਹਨ। ਕਿਸਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਹਰਿਆਣਾ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਨਾ ਰੋਕੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਕੇਂਦਰ ਨਾਲ ਹੈ ਅਤੇ ਉਨ੍ਹਾਂ ਨੂੰ ਜਿੱਥੇ ਰੋਕਿਆ ਗਿਆ, ਉਹ ਉਥੇ ਹੀ ਧਰਨੇ ’ਤੇ ਬੈਠ ਜਾਣਗੇ। ਹਰਿਆਣਾ ਦੀਆਂ ਰੋਕਾਂ ਤੋਂ ਬਾਅਦ ਕਿਸਾਨੀ ਸੰਘਰਸ਼ ਦੇ ਹੋਰ ਮੱਗਣ ਦੇ ਆਸਾਰ ਹਨ, ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਹਰਿਆਣਾ ਦੀ ਭਾਜਪਾ ਸਰਕਾਰ ਦੀ ਨੀਅਤ 'ਤੇ ਪਹਿਲਾਂ ਹੀ ਸ਼ੱਕ ਸੀ।

ਕਿਸਾਨਾਂ ਦੀ ਲਾਮਬੰਦੀ ਅਤੇ ਹਰਿਆਣਾ ਸਰਕਾਰ ਦੇ ਤੇਵਰਾਂ ਨੂੰ ਵੇਖਦਿਆਂ ਕਿਸਾਨੀ ਸੰਘਰਸ਼ ਦਾ ਮੁੱਖ ਕੇਂਦਰ ਹਰਿਆਣਾ ਵਿਚ ਬਣਨ ਦੇ ਅਸਾਰ ਬਣਦੇ ਜਾ ਰਹੇ ਹਨ। ਹਰਿਆਣਾ ਦੀ ਆਈਜੀ ਭਾਰਤੀ ਅਰੋੜਾ ਦਾ ਕਹਿਣਾ ਹੈ ਕਿ ਕਿਸੇ ਤਰ੍ਹਾਂ ਵੀ ਸਥਿਤੀ ਖ਼ਰਾਬ ਨਾ ਹੋਵੇ, ਇਸ ਲਈ ਪੁਲਿਸ ਤੇ ਪ੍ਰਸ਼ਾਸਨ ਤਿਆਰੀ ਕਰ ਰਿਹਾ ਹੈ। ਉਨ੍ਹਾਂ ਆਮ ਲੋਕਾਂ ਨੂੰ ਹਾਈਵੇਅ ਵੱਲ ਨਾ ਜਾਣ ਦੀ ਚਿਤਾਵਨੀ ਵੀ ਦਿਤੀ ਹੈ। ਆਈਜੀ ਨੇ ਕਿਸਾਨਾਂ ਨੂੰ ਵੀ ਟਕਰਾਅ ਦੀ ਸਥਿਤੀ ਪੈਦਾ ਨਾ ਕਰਨ ਦੀ ਅਪੀਲ ਕੀਤੀ ਹੈ। ਹਰਿਆਣਾ ਸਰਕਾਰ ਦੇ ਹਾਲੀਆ ਕਦਮਾਂ ਤੋਂ ਬਾਅਦ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਾਲੇ ਟਕਰਾਅ ਦੀ ਸਥਿਤੀ ਬਣਦੀ ਜਾ ਰਹੀ ਹੈ।