Naveen Phogat Surrender: ਚੰਡੀਗੜ੍ਹ ਪੁਲਿਸ ਦੇ ਭਗੌੜੇ SI ਨਵੀਨ ਫੋਗਾਟ ਨੇ ਕੀਤਾ ਆਤਮ ਸਮਰਪਣ; 4 ਮਹੀਨਿਆਂ ਤੋਂ ਸੀ ਫਰਾਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਉਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਹੈ। ਹੁਣ ਉਸ ਨੂੰ 27 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Naveen Phogat surrender

Naveen Phogat Surrender: ਚੰਡੀਗੜ੍ਹ ਪੁਲਿਸ ਦੇ ਬਰਖ਼ਾਸਤ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਸ਼ੁਕਰਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕਰ ਦਿਤਾ। ਉਹ ਪਿਛਲੇ 4 ਮਹੀਨਿਆਂ ਤੋਂ ਫਰਾਰ ਸੀ। ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਉਸ ਨੇ ਕਈ ਵਾਰ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀਆਂ ਦਿਤੀਆਂ, ਰਾਹਤ ਨਾ ਮਿਲਣ ਤੋਂ ਬਾਅਦ ਉਹ ਸ਼ੁਕਰਵਾਰ ਨੂੰ ਆਤਮ ਸਮਰਪਣ ਕਰਨ ਲਈ ਅਦਾਲਤ ਪਹੁੰਚ ਗਿਆ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਤਿੰਨ ਦਿਨ ਦੇ ਰਿਮਾਂਡ 'ਤੇ ਲਿਆ ਹੈ। ਹੁਣ ਉਸ ਨੂੰ 27 ਨਵੰਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਨਵੀਨ ਫੋਗਾਟ 'ਤੇ ਅਪਣੇ ਸਾਥੀ ਪੁਲਿਸ ਵਾਲਿਆਂ ਨਾਲ ਮਿਲ ਕੇ ਬਠਿੰਡਾ ਦੇ ਇਕ ਵਪਾਰੀ ਤੋਂ ਇਕ ਕਰੋੜ ਰੁਪਏ ਲੁੱਟਣ ਅਤੇ ਉਸ ਨੂੰ ਅਗਵਾ ਕਰਨ ਦਾ ਇਲਜ਼ਾਮ ਹੈ। ਘਟਨਾ ਸਮੇਂ ਉਹ ਚੰਡੀਗੜ੍ਹ ਦੇ ਸੈਕਟਰ-39 ਥਾਣੇ ਵਿਚ ਵਧੀਕ ਐਸਐਚਓ ਵਜੋਂ ਕੰਮ ਕਰ ਰਿਹਾ ਸੀ।

ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਐਸਆਈ ਨਵੀਨ ਫੋਗਾਟ ਅਤੇ ਉਸ ਦੇ ਸਾਥੀ ਪੁਲਿਸ ਮੁਲਾਜ਼ਮਾਂ ਵਰਿੰਦਰ ਅਤੇ ਸ਼ਿਵ ਕੁਮਾਰ ਨੇ ਬਠਿੰਡਾ ਦੇ ਵਪਾਰੀ ਸੰਜੇ ਗੋਇਲ ਤੋਂ 2000 ਰੁਪਏ ਦੇ ਨੋਟ ਬਦਲਣ ਦੇ ਨਾਂ 'ਤੇ 1 ਕਰੋੜ ਰੁਪਏ ਲੁੱਟ ਲਏ ਸਨ। ਪੁਲਿਸ ਵਾਲੇ ਸੰਜੇ ਗੋਇਲ ਨੂੰ ਅਗਵਾ ਕਰਕੇ ਸੁੰਨਸਾਨ ਜਗ੍ਹਾ 'ਤੇ ਲੈ ਗਏ ਅਤੇ ਫਿਰ ਉਸ ਨੂੰ ਐਨਕਾਊਂਟਰ ਅਤੇ ਨਸ਼ੇ ਦੇ ਕੇਸ 'ਚ ਫਸਾ ਕੇ ਉਸ ਦੀ ਜ਼ਿੰਦਗੀ ਬਰਬਾਦ ਕਰਨ ਦੀ ਧਮਕੀ ਦਿਤੀ।

ਚੰਡੀਗੜ੍ਹ ਪੁਲਿਸ ਨਵੀਨ ਫੋਗਾਟ ਨੂੰ ਇਕ ਵਾਰ ਪਹਿਲਾਂ ਵੀ ਬਰਖਾਸਤ ਕਰ ਚੁੱਕੀ ਹੈ। ਉਨ੍ਹਾਂ 'ਤੇ ਬਲਾਤਕਾਰ ਦੇ ਦੋਸ਼ ਲੱਗੇ ਸਨ ਪਰ ਇਹ ਇਲਜ਼ਾਮ ਅਦਾਲਤ ਵਿਚ ਸਾਬਤ ਨਾ ਹੋਣ ਕਾਰਨ ਚੰਡੀਗੜ੍ਹ ਪੁਲਿਸ ਵਲੋਂ ਉਸ ਨੂੰ ਬਹਾਲ ਕਰ ਦਿਤਾ ਗਿਆ। ਹੁਣ ਐਸਆਈ ਨਵੀਨ ਫੋਗਾਟ ਨੂੰ 1 ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ਵਿਚ ਮੁੜ ਬਰਖਾਸਤ ਕਰ ਦਿਤਾ ਗਿਆ।

 (For more news apart from Chandigarh Police's Absconding SI Phogat Surrenders, stay tuned to Rozana Spokesman)