ਆਈਜੀ ਛੀਨਾ ਖਿਲਾਫ਼ ਬੋਲਣ ਵਾਲੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ 'ਬਹਾਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ੀਰਾ ਨੇ ਛੀਨਾ 'ਤੇ ਨਸ਼ਾ ਤਸਕਰਾਂ ਦੀ 'ਮਦਦ' ਕਰਨ ਦੇ ਲਾਏ ਸੀ ਇਲਜ਼ਾਮ

Kulbir Singh Zira

ਚੰਡੀਗੜ੍ਹ : ਪਿਛਲੇ ਕੁਝ ਦਿਨਾਂ ਦੇ ਨਾਟਕੀ ਘਟਨਾਕ੍ਰਮ ਮਗਰੋਂ ਅੱਜ ਆਖਰਕਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਦੀ ਮੁਢਲੀ ਮੈਂਬਰਸ਼ਿਪ ਬਹਾਲ ਕਰ ਦਿਤੀ ਹੈ। ਲੋਕ ਸਭਾ ਚੋਣਾਂ ਸਬੰਧੀ ਅੱਜ ਚੰਡੀਗੜ੍ਹ ਵਿਚ ਰੱਖੀ ਮੀਟਿੰਗ ਵਿਚ ਕੁਲਬੀਰ ਸਿੰਘ ਜ਼ੀਰਾ ਵੀ ਸ਼ਾਮਿਲ ਹੋਏ। ਪੁਲਿਸ ਅਧਿਕਾਰੀ ਦੀ ਡਰੱਗ ਤਸਕਰਾਂ ਨਾਲ ਮਿਲੀਭੁਗਤ ਸਬੰਧੀ ਇਲਜ਼ਾਮ ਲਾਉਣ ਵਾਲੇ ਜ਼ੀਰਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਦਾ ਪੱਖ ਸੁਣਿਆ।

ਕੁਲਬੀਰ ਜ਼ੀਰਾ ਨੇ ਆਈਜੀ ਮੁਖਵਿੰਦਰ ਸਿੰਘ ਛੀਨਾ ਨਾਲ ਵਿਵਾਦ ਮਗਰੋਂ ਪਾਰਟੀ ਦੇ ਸਮਾਗਮ ਦਾ ਬਾਈਕਾਟ ਕਰ ਦਿਤਾ ਸੀ ਜਿਸ ਮਗਰੋਂ ਉਹਨਾਂ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮਾਂ ਹੇਠ ਮੁਅੱਤਲ ਕਰ ਦਿਤਾ ਗਿਆ ਸੀ। ਕੁਲਬੀਰ ਜ਼ੀਰਾ ਦੀ ਬਹਾਲੀ ਸਬੰਧੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪੁਸ਼ਟੀ ਕੀਤੀ। ਜ਼ੀਰਾ ਨੇ ਅਪਣੀ ਬਹਾਲੀ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਈਜੀ ਮੁਖਵਿੰਦਰ ਸਿੰਘ ਛੀਨਾ ਖਿਲਾਫ਼ ਪੜਤਾਲ ਦੇ ਹੁਕਮ ਦੇ ਦਿਤੇ ਹਨ।

ਉਹਨਾਂ ਦੱਸਿਆ ਕਿ ਜਿਹੜੀਆਂ ਵੀ ਉਹਨਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ। ਉਹਨਾਂ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਜਾਣੂ ਕਰਵਾ ਦਿਤਾ ਗਿਆ ਹੈ। ਦੱਸ ਦਈਏ ਕਿ 12 ਜਨਵਰੀ ਨੂੰ ਫਿਰੋਜ਼ਪੁਰ ਵਿਚ ਪੰਜਾਬ ਸਰਕਾਰ ਵਲੋਂ ਪੰਚਾਂ ਤੇ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮਨਪ੍ਰੀਤ ਬਾਦਲ ਦੀ ਮੌਜੂਦਗੀ ਵਿਚ ਹੀ ਸਮਾਗਮ ਦਾ ਬਾਈਕਾਟ ਕਰ ਕੇ ਉੱਥੋਂ ਚਲੇ ਗਏ ਸੀ।

ਜ਼ੀਰਾ ਨੇ ਦੋਸ਼ ਲਾਇਆ ਸੀ ਕਿ ਸਰਕਾਰ ਤੇ ਪੁਲਿਸ ਨਸ਼ੇ ਖ਼ਤਮ ਕਰਨ ਵਿਚ ਨਾਕਾਮ ਹੈ। ਜ਼ੀਰਾ ਨੇ ਫਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ 'ਤੇ ਗੰਭੀਰ ਇਲਜ਼ਾਮ ਵੀ ਲਾਏ ਸਨ, ਜਿਸ ਦੀ ਜਾਂਚ ਲਈ ਉਨ੍ਹਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਸੀ। ਪਾਰਟੀ ਨੇ ਜ਼ੀਰਾ ਦੀ ਹਰਕਤ ‘ਤੇ ਸਬਕ ਸਿਖਾਉਣ ਲਈ ਪਾਰਟੀ ‘ਚੋਂ ਮੁਅੱਤਲ ਕਰ ਦਿਤਾ ਸੀ, ਜਿਸ ਨੂੰ ਹੁਣ ਮੁੜ ਬਹਾਲ ਕਰ ਦਿਤਾ ਹੈ।