ਪਾਕਿ 'ਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਇਮਰਾਨ ਖਾਨ : ਕੈਪਟਨ ਅਮਰਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਰਹਿਣ ਵਾਲੇ ਕੱਟੜਪੰਥੀਆਂ ਤੋਂ ਸਿੱਖ ਆਗੂਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ।

File Photo

ਜਲੰਧਰ -ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ 'ਚ ਰਹਿਣ ਵਾਲੇ ਸਿੱਖ ਆਗੂਆਂ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪਾਕਿਸਤਾਨ 'ਚ ਰਹਿਣ ਵਾਲੇ ਕੱਟੜਪੰਥੀਆਂ ਤੋਂ ਸਿੱਖ ਆਗੂਆਂ ਦੀ ਸੁਰੱਖਿਆ ਨੂੰ ਖ਼ਤਰਾ ਹੈ।

ਸਿੱਖ ਨੇਤਾ ਰਾਦੇਸ਼ ਸਿੰਘ ਟੋਨੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਟੋਨੀ ਨੂੰ ਲਗਾਤਾਰ ਪਾਕਿਸਤਾਨ ਦੇ ਕੱਟੜਪੰਥੀਆਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ 'ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਟਵੀਟ ਕੀਤਾ ਹੈ, ਜਿਸ 'ਚ ਕਿਹਾ ਹੈ ਕਿ ਸਿੱਖ ਆਗੂ ਪਾਕਿਸਤਾਨ 'ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਪਾਕਿਸਤਾਨ ਦੀ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਸਿੱਖ ਨੇਤਾ ਰਾਦੇਸ਼ ਸਿੰਘ ਨੇ ਪਾਕਿਸਤਾਨ 'ਚ 2018 'ਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਹੁਣ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਟੋਨੀ, ਜਿਹੜੇ ਖ਼ਾਲਸਾ ਪੀਸ ਅਤੇ ਜਸਟਿਸ ਫਾਊਂਡੇਸ਼ਨ ਦੇ ਚੇਅਰਮੈਨ ਵੀ ਹਨ, ਨਵੰਬਰ 2018 'ਚ ਆਪਣੇ ਸ਼ਹਿਰ ਪੇਸ਼ਾਵਰ ਤੋਂ ਹਿਜਰਤ ਕਰਕੇ ਲਾਹੌਰ ਆ ਕੇ ਵਸ ਗਏ ਸਨ।

ਪੇਸ਼ਾਵਰ 'ਚ ਉਨ੍ਹਾਂ ਦਾ ਚੰਗਾ ਕਾਰੋਬਾਰ ਸੀ। ਟੋਨੀ ਨੇ ਪਿਛਲੇ ਦਿਨੀਂ ਆਪਣੇ ਟਵਿਟਰ 'ਤੇ ਇਕ ਮਿੰਟ ਦਾ ਵੀਡੀਓ ਅਪਲੋਡ ਕਰਦੇ ਹੋਏ ਮਦਦ ਲਈ ਗੁਹਾਰ ਲਗਾਈ ਸੀ। ਇਸ ਵੀਡੀਓ 'ਚ ਉਨ੍ਹਾਂ ਨੇ ਕਿਹਾ ਸੀ ਕਿ ਕੱਟੜਪੰਥੀ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਪਰਿਵਾਰ ਸੰਕਟ 'ਚ ਹੈ। ਵੀਡੀਓ 'ਚ ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਸੀ ਕਿ ਉਹ ਕਿਸ ਥਾਂ ਤੋਂ ਇਹ ਸੁਨੇਹਾ ਦੇ ਰਹੇ ਹਨ।

ਟੋਨੀ ਨੇ ਇਹ ਵੀ ਕਿਹਾ ਸੀ ਕਿ ਉਹ ਯੂਰਪ, ਅਮਰੀਕਾ, ਕੈਨੇਡਾ ਜਾਂ ਇੰਗਲੈਂਡ ਕਿਸੇ ਵੀ ਸੁਰੱਖਿਅਤ ਥਾਂ 'ਤੇ ਜਾਣ ਲਈ ਤਿਆਰ ਹਨ। ਪਾਕਿਸਤਾਨ ਦੇ ਪੇਸ਼ਾਵਰ ਤੋਂ ਹਿਜਰਤ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ, ਇਸ ਲਈ ਉਨ੍ਹਾਂ ਨੇ ਸਿੱਖ ਆਗੂਆਂ ਅੱਗੇ ਇਮਦਾਦ ਲਈ ਹੋਕਾ ਦਿੱਤਾ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਆਉਂਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਟਵੀਟ ਕਰ ਕੇ ਸਿੱਖ ਆਗੂ ਅਤੇ ਪਾਕਿਸਤਾਨ 'ਚ ਰਹਿਣ ਵਾਲੇ ਘੱਟ-ਗਿਣਤੀਆਂ ਦੇ ਹੋਰਨਾਂ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।

ਦੱਸ ਦਈਏ ਕਿ  ਪਾਕਿਸਤਾਨ ਵਿਚ 2018 ਦੌਰਾਨ ਹੋਈਆਂ ਆਮ ਚੋਣਾਂ ਵਿਚ ਪੇਸ਼ਾਵਰ ਤੋਂ ਚੋਣ ਲੜਨ ਵਾਲੇ ਸਿੱਖ ਆਗੂ ਰਾਦੇਸ਼ ਸਿੰਘ ਉਰਫ਼ ਟੋਨੀ ਨੇ ਪਰਿਵਾਰ ਸਮੇਤ ਪਾਕਿਸਤਾਨ ਛੱਡ ਦਿਤਾ ਹੈ। ਰਾਦੇਸ਼ ਦੇ ਦੇਸ਼ ਛੱਡਣ ਦੀਆਂ ਖ਼ਬਰਾਂ ਪਿਛਲੇ ਦਿਨਾਂ ਤੋਂ ਸੁਰਖ਼ੀਆਂ ਬਣ ਰਹੀਆਂ ਸਨ।  ਉਸ ਨੇ ਕਿਸੇ ਅਣਦੱਸੀ ਥਾਂ ਤੋਂ ਇਕ ਵੀਡੀਉ ਸੰਦੇਸ਼ ਜਾਰੀ ਕਰ ਕੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਤੇ ਉਸ ਦੇ ਪਰਵਾਰ ਨੂੰ ਮੌਜੂਦਾ ਥਾਂ ਤੋਂ ਛੇਤੀ ਤੋਂ ਛੇਤੀ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚਣ ਵਿਚ ਮਦਦ ਕੀਤੀ ਜਾਵੇ। 

ਰਾਦੇਸ਼ ਸਿੰਘ ਉਰਫ਼ ਟੋਨੀ ਪੇਸ਼ਾਵਰ ਦਾ ਰਹਿਣ ਵਾਲਾ ਹੈ ਜੋ ਕਿ ਕੁੱਝ ਸਮਾਂ ਪਹਿਲਾਂ ਲਾਹੌਰ ਸ਼ਿਫ਼ਟ ਹੋ ਗਿਆ ਸੀ। ਅਪਣੀ ਵੀਡੀਉ ਵਿਚ ਰਾਦੇਸ਼ ਸਿੰਘ ਨੇ ਕਿਹਾ ਕਿ 2018 ਦੀਆਂ ਚੋਣਾਂ ਮਗਰੋਂ ਮੈਨੂੰ ਧਮਕੀਆਂ ਦਿਤੀਆਂ ਗਈਆਂ ਸਨ ਜਿਸ ਤੋਂ ਤੰਗ ਆ ਕੇ ਉਹ ਲਾਹੌਰ ਸ਼ਿਫ਼ਟ ਹੋ ਗਿਆ ਸੀ ਪਰ ਹੁਣ ਮਜਬੂਰ ਹੋ ਕੇ ਉਸ ਨੇ ਅਪਣਾ ਮੁਲਕ ਛੱਡ ਦਿਤਾ ਹੈ ਤੇ ਜਿਥੇ ਇਸ ਵੇਲੇ ਉਹ ਹੈ ਉਥੇ ਸੁਰੱਖਿਅਤ ਹੈ।