ਬੇਅਦਬੀ ਕਾਂਡ ਦੇ ਮੁੱਖ ਗਵਾਹ ਦੇ ਪਰਵਾਰ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਉੱਠੀ ਮੰਗ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ’

File

ਕੋਟਕਪੂਰਾ- ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ ਵਾਪਰੇ ਬਹਿਬਲ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਸਾਬਕਾ ਸਰਪੰਚ ਦੇ ਸ਼ਰਧਾਂਜ਼ਲੀ ਸਮਾਗਮ ਮੌਕੇ ਗੁਰਦਵਾਰਾ ਟਿੱਬੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਬਹਿਬਲ ਕਲਾਂ ਵਿਖੇ ਗਰਮਖਿਆਲੀ ਜਥੇਬੰਦੀਆਂ ਦੇ ਆਗੂਆਂ ਨੇ ਸੁਰਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਜਲਦ ਉਸਦੇ ਪਰਵਾਰ ਨੂੰ ਬਣਦਾ ਮੁਆਵਜ਼ਾ ਅਤੇ ਬਾਰਵੀਂ ਪਾਸ ਬੇਟੇ ਨੂੰ ਸਰਕਾਰੀ ਨੌਕਰੀ ਨਾ ਦਿਤੀ ਗਈ।

ਤਾਂ ਦੇਸ਼ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ 31 ਜਨਵਰੀ ਦਿਨ ਸ਼ੁਕਰਵਾਰ ਨੂੰ ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਕਤ ਸ਼ਰਧਾਂਜ਼ਲੀ ਸਮਾਗਮ 'ਚ ਭਾਵੇਂ ਸਾਰੀਆਂ ਪਾਰਟੀਆਂ ਦੇ ਸਥਾਨਕ ਪੱਧਰੀ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਪਰ ਭੋਗ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਪਹੁੰਚਣ ਵਾਲੇ ਸੁਖਬੀਰ ਸਿੰਘ ਬਾਦਲ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਦੇ ਪੱਧਰ ਦਾ ਕੋਈ ਵੀ ਅਕਾਲੀ ਜਾਂ ਕਾਂਗਰਸੀ ਆਗੂ ਨਹੀਂ ਪੁੱਜਾ। 

ਉਂਝ ਸੰਦੀਪ ਸਿੰਘ ਸੰਨੀ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਨੇ ਹਾਜਰੀ ਜ਼ਰੂਰ ਲਵਾਈ। ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਜਸਕਰਨ ਸਿੰਘ ਕਾਹਨਵਾਲਾ, ਗੁਰਦੀਪ ਸਿੰਘ ਬਠਿੰਡਾ ਅਤੇ ਮਨਦੀਪ ਸਿੰਘ ਮੰਨਾ ਨੂੰ ਥੋੜਾ ਥੋੜਾ ਸਮਾਂ ਹੀ ਮਿਲਿਆ ਜਦਕਿ ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਲੰਮਾ ਸਮਾਂ ਆਪਣੇ ਸੰਬੋਧਨ ਦੌਰਾਨ ਬਾਦਲ ਦਲ ਦੇ ਨਾਲ-ਨਾਲ ਕੈਪਟਨ ਸਰਕਾਰ ਨੂੰ ਵੀ ਅਪਣੇ ਨਿਸ਼ਾਨੇ 'ਤੇ ਰਖਿਆ। 

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਦਾਅਵਾ ਕੀਤਾ ਸੀ ਕਿ ਬੇਅਦਬੀ ਕਾਂਡ ਦੀਆਂ ਪੈੜਾਂ ਬਾਦਲ ਦੇ ਘਰ ਵਲ ਜਾਂਦੀਆਂ ਹਨ ਪਰ ਸੱਤਾ ਸੰਭਾਲਣ ਤੋਂ ਬਾਅਦ ਉਸ ਨੇ ਇਹ ਸਭ ਭੁਲਾ ਦਿਤਾ। ਉਨਾਂ ਕਿਹਾ ਕਿ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸਆਈਟੀ ਦੀਆਂ ਜਾਂਚਾਂ ਨਾਲ ਸਭ ਕੁਝ ਸਾਹਮਣੇ ਆ ਗਿਆ ਹੈ ਤਾਂ ਸੋਦਾ ਸਾਧ ਅਤੇ ਉਸਦੇ ਚੇਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਤੋਂ ਕੈਪਟਨ ਸਰਕਾਰ ਆਨਾਕਾਨੀ ਕਿਉਂ ਕਰ ਰਹੀ ਹੈ?

ਪਰਵਾਰ ਮੁਤਾਬਕ ਦੋਸ਼ੀ ਸਮਝੇ ਜਾਂਦੇ ਕਾਂਗਰਸੀ ਆਗੂਆਂ, ਬਿਜਲੀ ਅਧਿਕਾਰੀਆਂ ਅਤੇ ਬਰਗਾੜੀ ਪੁਲਿਸ ਚੌਂਕੀ ਦੇ ਮੁਲਾਜਮਾਂ ਖ਼ਿਲਾਫ਼ ਤੁਰਤ ਮੁਕੱਦਮਾ ਦਰਜ ਹੋਵੇ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਸਾਧੂ ਸਿੰਘ ਸਮੇਤ ਹੋਰ ਵੀ ਭਾਰੀ ਗਿਣਤੀ 'ਚ ਸਿਆਸੀ ਤੇ ਗ਼ੈਰ ਸਿਆਸੀ ਸ਼ਖਸ਼ੀਅਤਾਂ ਹਾਜਰ ਸਨ।