'ਬਹਿਬਲ ਗੋਲੀਕਾਂਡ' ਦੇ ਮਾਮਲੇ 'ਚ ਗਵਾਹੀ ਦੇਣੀ ਸਾਬਕਾ ਸਰਪੰਚ ਸੁਰਜੀਤ ਸਿੰਘ ਲਈ ਬਣੀ ਮੁਸੀਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਪਾਸੇ ਬਹਿਬਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਤਵਾਜ਼ੀ ਜਥੇਦਾਰਾਂ ਅਤੇ ਹੋਰ ਪੰਥਕ ਆਗੂਆਂ ਨੇ ਬਰਗਾੜੀ ਵਿਖੇ 'ਇਨਸਾਫ਼ ਮੋਰਚਾ' ਲਾਇਆ ਹੋਇਆ ਹੈ...........

Former Sarpanch Surjeet Singh

ਕੋਟਕਪੂਰਾ : ਇਕ ਪਾਸੇ ਬਹਿਬਲ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਮਤਵਾਜ਼ੀ ਜਥੇਦਾਰਾਂ ਅਤੇ ਹੋਰ ਪੰਥਕ ਆਗੂਆਂ ਨੇ ਬਰਗਾੜੀ ਵਿਖੇ 'ਇਨਸਾਫ਼ ਮੋਰਚਾ' ਲਾਇਆ ਹੋਇਆ ਹੈ ਪਰ ਦੂਜੇ ਪਾਸੇ ਬਹਿਬਲ ਗੋਲੀਕਾਂਡ ਨਾਲ ਸਬੰਧਤ ਅਜਿਹੀਆਂ ਦੁਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਸੁਣ ਕੇ ਦਿਮਾਗ ਸੁੰਨ ਹੋ ਜਾਂਦਾ ਹੈ। ਨੇੜਲੇ ਪਿੰਡ ਬਹਿਬਲ ਕਲਾਂ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਨੇ ਦਸਿਆ ਕਿ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਉਸ ਨੇ ਅਪਣੀ ਅੱਖੀਂ ਤੱਕਿਆ। ਉਸ ਨੇ ਦਸਿਆ ਕਿ ਬਾਦਲ ਸਰਕਾਰ ਵਲੋਂ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਦੇ

ਮੰਤਵ ਨਾਲ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਗਠਤ ਕੀਤਾ ਗਿਆ ਸੀ ਤਾਂ ਉਸ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਸਾਹਮਣੇ ਸਾਰਾ ਅੱਖੀਂ ਤੱਕਿਆ ਦ੍ਰਿਸ਼ ਬਿਆਨ ਕਰ ਦਿਤਾ। ਬਸ ਬਿਆਨ ਦੇਣ ਦੀ ਦੇਰ ਸੀ ਕਿ ਅਕਾਲੀ ਆਗੂ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਉਸ ਦੇ ਵੈਰੀ ਬਣ ਗਏ। ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਤਾਂ ਉਸ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਬਿਆਨ ਦੇਣ ਤੋਂ ਕਿਨਾਰਾ ਕਰ ਲਿਆ ਕਿਉਂਕਿ ਅਕਾਲੀ ਆਗੂ ਅਤੇ ਪੁਲਿਸ ਅਧਿਕਾਰੀ ਉਸ ਨੂੰ ਡਰਾਉਣ ਧਮਕਾਉਣ ਦੇ ਨਾਲ-ਨਾਲ ਉਸ ਨੂੰ ਲਾਲਚ ਵੀ ਦਿੰਦੇ ਤੇ ਉਸ ਦੀ ਰੋਜ਼ਮਰਾ ਕੰਮ ਧੰਦਿਆਂ 'ਚ ਅੜਿੱਕਾ ਵੀ ਪਾਉਂਦੇ। ਸੁਰਜੀਤ ਸਿੰਘ ਸਰਪੰਚ ਅਨੁਸਾਰ

ਉਸ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੂੰ ਦਿਤੇ ਬਿਆਨਾਂ ਅਤੇ ਸ਼ਿਕਾਇਤ 'ਚ ਬਕਾਇਦਾ ਇਕ ਅਕਾਲੀ ਆਗੂ ਵਲੋਂ ਧਮਕੀਆਂ ਦਿਤੇ ਜਾਣ ਦਾ ਜ਼ਿਕਰ ਕੀਤਾ ਸੀ ਪਰ ਬਾਦਲ ਸਰਕਾਰ ਨੇ ਤਾਂ ਅਕਾਲੀ ਆਗੂ ਵਿਰੁਧ ਕਾਰਵਾਈ ਕੀ ਕਰਨੀ ਸੀ, ਉਲਟਾ ਹੁਣ ਕੈਪਟਨ ਸਰਕਾਰ ਵੀ ਪਤਾ ਨਹੀਂ ਕਿਉਂ ਉਕਤ ਅਕਾਲੀ ਆਗੂ ਦੇ ਨਾਲ-ਨਾਲ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਵੇਂ ਅਕਾਲੀ ਆਗੂ ਅਤੇ ਪੁਲਿਸ ਅਧਿਕਾਰੀ ਉਕਤ ਦੋਸ਼ਾਂ ਦਾ ਖੰਡਨ ਕਰ ਰਹੇ ਹਨ ਪਰ ਸੁਰਜੀਤ ਸਿੰਘ ਸਰਪੰਚ ਨੇ ਉਕਤ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਦੀ ਸ਼ਿਕਾਇਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਰਜ ਕਰਾਉਣ ਦਾ ਫ਼ੈਸਲਾ ਕੀਤਾ ਹੈ।