ਡੀ.ਐਸ.ਪੀ. ਅਤੁਲ ਸੋਨੀ ਦੀ ਮੁਅੱਤਲੀ ਦੀ ਸਿਫ਼ਾਰਸ਼

ਏਜੰਸੀ

ਖ਼ਬਰਾਂ, ਪੰਜਾਬ

ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ

File Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਅਪਣੀ ਪਤਨੀ 'ਤੇ ਕਥਿਤ ਤੌਰ 'ਤੇ ਗੋਲੀ ਚਲਾਉਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੁਲ ਸੋਨੀ ਦੀ ਮੁਅੱਤਲੀ ਦੀ ਸਿਫ਼ਾਰਸ਼ ਪੰਜਾਬ ਪੁਲਿਸ ਵਲੋਂ ਕਰ ਦਿਤੀ ਗਈ ਹੈ।

ਪੰਜਾਬ ਪੁਲਿਸ ਦੇ ਅਤਿ ਭਰੋਸੇਯੋਗ ਸੂਤਰ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ ਅਤੁਲ ਸੋਨੀ ਦੀ ਮੁਅੱਤਲੀ ਤੋਂ ਬਾਅਦ ਉਸ ਵਿਰੁਧ ਵਿਭਾਗੀ ਕਾਰਵਾਈ ਵੀ ਸ਼ੁਰੂ ਕਰਨ ਲਈ ਕਹਿ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਦੇ ਸੱਭ ਤੋਂ ਵੱਧ ਸਰੀਰਿਕ ਤੌਰ 'ਤੇ ਫਿੱਟ ਮੰਨੇ ਜਾਂਦੇ ਪੁਲਿਸ ਅਫ਼ਸਰ ਅਤੁਲ ਸੋਨੀ 'ਤੇ ਉਸ ਦੀ ਪਤਨੀ ਵਲੋਂ ਗੋਲੀ ਚਲਾਉਣ ਦੇ ਦੋਸ਼ ਲਾਏ ਗਏ ਹਨ।

ਪਤਨੀ ਦਾ ਦੋਸ਼ ਹੈ ਕਿ ਪਹਿਲਾਂ ਅਤੁਲ ਸੋਨੀ ਨੇ ਚੰਡੀਗੜ੍ਹ ਦੇ ਇਕ ਕਲੱਬ ਵਿਚ ਜਾ ਕੇ ਅਪਣੀ ਪਤਨੀ ਨਾਲ ਬਦਸਲੂਕੀ ਕੀਤੀ। ਜਦੋਂ ਉਹ ਦੋਵੇਂ ਪਤੀ-ਪਤਨੀ ਵੱਖੋ-ਵਖਰੀਆਂ ਗੱਡੀਆਂ 'ਚ ਬੈਠ ਕੇ ਮੁਹਾਲੀ ਸਥਿਤ ਅਪਣੀ ਰਿਹਾਇਸ਼ 'ਤੇ ਪੁੱਜੇ ਤਾਂ ਅਤੁਲ ਸੋਨੀ ਨੇ ਅਪਣੀ ਪਤਨੀ 'ਤੇ ਫ਼ਾਇਰ ਕਰ ਦਿਤਾ।

ਕਿਸਮਤ ਵੱਸ ਉਹ ਗੋਲੀ ਕੰਧ ਵਿਚ ਜਾ ਕੇ ਲੱਗ ਗਈ। ਘਟਨਾ ਤੋਂ ਦੂਜੇ ਦਿਨ ਅਤੁਲ ਸੋਨੀ ਦੀ ਪਤਨੀ ਵਲੋਂ ਅਪਣੀ ਸ਼ਿਕਾਇਤ ਵਾਪਸ ਵੀ ਲੈਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਉਹ ਹਥਿਆਰ ਤੇ ਖ਼ਾਲੀ ਕਾਰਤੂਸ ਮੌਜੂਦ ਹੈ। ਮੁਹਾਲੀ ਦੇ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਦਾ ਕਹਿਣਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ।