DSP ਦਵਿੰਦਰ ਮਾਮਲੇ 'ਚ ਹੋਇਆ ਇੱਕ ਹੋਰ ਵੱਡਾ ਖੁਲਾਸਾ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ‘ਚ ਹਿਜਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਦੇ ਨਾਲ ਫੜੇ ਗਏ...

Dsp

ਨਵੀਂ ਦਿੱਲੀ: ਜੰਮੂ-ਕਸ਼ਮੀਰ ‘ਚ ਹਿਜਬੁਲ ਮੁਜਾਹਿਦੀਨ ਦੇ ਅਤਿਵਾਦੀਆਂ ਦੇ ਨਾਲ ਫੜੇ ਗਏ ਪੁਲਿਸ ਅਫ਼ਸਰ ਡੀਐਸਪੀ ਦਵਿੰਦਰ ਸਿੰਘ ਵਲੋਂ ਰਾਸ਼ਟਰੀ ਜਾਂਚ ਏਜੰਸੀ ਲਗਾਤਾਰ ਪੁੱਛਗਿਛ ਕਰ ਰਹੀ ਹੈ। ਇਸ ਦੌਰਾਨ ਕਈ ਹੈਰਾਨ ਕਰ ਦੇਣ ਵਾਲੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਸੂਤਰਾਂ ਮੁਤਾਬਕ ਦਵਿੰਦਰ ਨੇ ਅਤਿਵਾਦੀਆਂ ਨੂੰ ਪਨਾਹ ਦੇਣ ਲਈ ਤਿੰਨ ਵੱਖ-ਵੱਖ ਘਰ ਬਣਾਏ ਹੋਏ ਸਨ।

ਇਸ ਸਿਲਸਿਲੇ ‘ਚ ਬੁੱਧਵਾਰ ਨੂੰ ਸ਼੍ਰੀਨਗਰ ‘ਚ ਕਈ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। NIA ਦੇ ਵੱਡੇ ਅਧਿਕਾਰੀ ਅੱਜ ਸ਼੍ਰੀਨਗਰ ਤੋਂ ਦਿੱਲੀ ਵਾਪਸ ਆਏ ਹਨ, ਲੇਕਿਨ NIA ਦੀ ਪੰਜ ਮੈਂਬਰੀ ਟੀਮ ਹੁਣ ਸ਼੍ਰੀਨਗਰ ‘ਚ ਹੀ ਅੱਗੇ ਪੜਤਾਲ ਲਈ ਰਹੇਗੀ। ਦਵਿੰਦਰ ਨੂੰ ਵੀ ਹੁਣ ਤੱਕ ਦਿੱਲੀ ਨਹੀਂ ਲਿਆਇਆ ਗਿਆ।

ਅਤਿਵਾਦੀਆਂ ਦਾ ਟਿਕਾਣਾ

ਸੂਤਰਾਂ ਮੁਤਾਬਿਕ ਦਵਿੰਦਰ ਨੇ ਨਾ ਸਿਰਫ ਆਪਣੇ ਸ਼੍ਰੀਨਗਰ ਦੇ ਇੰਦਰਾਨਗਰ ਦੇ ਘਰ ‘ਤੇ ਅਤਿਵਾਦੀਆਂ ਦੇ ਰਹਿਣ ਦਾ ਇੰਤਜਾਮ ਕੀਤਾ ਸਗੋਂ ਚਾਨਪੋਰਾ ਅਤੇ ਸਨਤ ਨਗਰ ਇਲਾਕਿਆਂ ਵਿੱਚ ਵੀ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਕੀਤੀ। ਦਵਿੰਦਰ ਅਤਿਵਾਦੀਆਂ ਨੂੰ ਛੁਪਾਉਣ ਲਈ ਬਾਗ ਨਗਰ ਵਿੱਚ ਇੱਕ ਡਾਕਟਰ ਦਾ ਘਰ ਵੀ ਇਸਤੇਮਾਲ ਕਰਦਾ ਸੀ। ਇਸ ਜਗ੍ਹਾ ਉਸਨੇ ਹਿਜਬੁਲ ਕਮਾਂਡਰ ਨਵੀਦ ਸਮੇਤ ਕਈ ਅਤਿਵਾਦੀਆਂ ਨੂੰ ਰੋਕਿਆ ਸੀ।  

ਟਰੱਕ ਚੋਰੀ

ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਾਲ 1997 ਵਿੱਚ ਦਵਿੰਦਰ ਨੇ ਨਿਰਮੂਲ ਬਟਰ ਦਾ ਇੱਕ ਟਰੱਕ ਚੋਰੀ ਕੀਤਾ ਸੀ। ਇਹ ਟਰੱਕ ਉਸ ਸਮੇਂ ਜੰਮੂ-ਕਸ਼ਮੀਰ ਦੇ ਉਪ ਮੁੱਖ ਮੰਤਰੀ ਰਹੇ ਗ਼ੁਲਾਮ ਮੋਹਿਦਿਨ ਸ਼ਾਹ ਦੇ ਪਰਵਾਰ ਦਾ ਸੀ। ਇਸ ਸਿਲਸਿਲੇ ‘ਚ ਕੇਸ ਵੀ ਦਰਜ ਹੋਇਆ, ਲੇਕਿਨ ਉਸ ਸਮੇਂ DSP ਦਵਿੰਦਰ ਸਿੰਘ ਦੇ ਬੋਸ ਰਹੇ ਇੱਕ ਅਧਿਕਾਰੀ ਨੇ ਉਸਨੂੰ ਬਚਾ ਲਿਆ।  

28 ਸਾਲ ਪਹਿਲਾਂ ਵੀ ਹੋਇਆ ਸੀ ਸਸਪੈਂਡ

ਦਵਿੰਦਰ ਸਿੰਘ ਨੂੰ ਲੈ ਕੇ ਇੱਕ ਹੋਰ ਖੁਲਾਸਾ ਸਾਹਮਣੇ ਆਇਆ ਹੈ। ਸਾਲ 1992 ਵਿੱਚ ਦੱਖਣੀ ਕਸ਼ਮੀਰ ਵਿੱਚ ਟਰੱਕ ਵਿੱਚ ਡਰੱਗਸ ਦੀ ਖੇਪ ਬਰਾਮਦ ਕਰਨ ਦੇ ਨਾਲ ਤਸਕਰ ਵੀ ਫੜਿਆ ਗਿਆ ਸੀ। ਇਲਜ਼ਾਮ ਹੈ ਕਿ ਬਾਅਦ ਵਿੱਚ ਪੈਸੇ ਲੈ ਕੇ ਉਸਨੇ ਮਾਮਲਾ ਖਤਮ ਕਰ ਦਿੱਤਾ ਅਤੇ ਡਰੱਗਸ ਵੀ ਵੇਚ ਦਿੱਤੀ। ਇਸ ਮਾਮਲੇ ਦੀ ਜਾਂਚ ਹੋਈ ਅਤੇ ਦਵਿੰਦਰ ਨੂੰ ਸਸਪੈਂਡ ਕਰ ਦਿੱਤਾ ਗਿਆ। ਬਾਅਦ ਵਿੱਚ ਉਸਨੇ ਮੁਆਫੀ ਮੰਗ ਲਈ ਅਤੇ ਉਸਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਸੀ।