ਕਿਸਾਨੀ ਅੰਦੋਲਨ ਦਾ ਸਟੇਟਸ ਸਿਬਲ ਬਣਿਆ ‘ਟਰੈਕਟਰ’, ਵਿਕਰੀ 'ਚ ਰਿਕਾਰਡ ਵਾਧਾ,ਮੰਗ ਪੂਰੀ ਕਰਨੀ ਹੋਈ ਔਖੀ
ਪੁਰਾਣੇ ਟਰੈਕਟਰਾਂ ਨੂੰ ਮੋਡੀਫਾਈ ਕਰਵਾ ਕੇ ਦਿੱਲੀ ਵੱਲ ਰਵਾਨਾ ਹੋਣ ਲੱਗੇ ਕਿਸਾਨ
ਚੰਡੀਗੜ੍ਹ : ਕਿਸਾਨਾਂ ਦੇ ਯੱਕੇ ਵਜੋਂ ਜਾਣੇ ਜਾਂਦੇ ਟਕੈਰਟਰ ਦੀ ਦੀਵਾਨਗੀ ਸਭ ਦੇ ਸਿਰ ਚੜ੍ਹ ਬੋਲ ਰਹੀ ਹੈ। ਕਿਸਾਨੀ ਸੰਘਰਸ਼ ਨੇ ਟਰੈਕਟਰ ਦੀ ਅਹਿਮੀਅਤ ਨੂੰ ਬੁਲੰਦੀਆਂ ‘ਤੇ ਪਹੁੰਚਾ ਦਿਤਾ ਹੈ। ਵੱਡੀ ਗਿਣਤੀ ਕਿਸਾਨ ਟਰੈਕਟਰਾਂ ਸਮੇਤ ਦਿੱਲੀ ਵੱਲ ਕੂਚ ਕਰ ਚੁੱਕੇ ਹਨ। ਸਰਦੇ-ਪੁਜਦੇ ਕਿਸਾਨਾਂ ਨੇ ਨਵੇਂ ਟਰੈਕਟਰ ਖਰੀਦ ਲਏ ਹਨ, ਪਰ ਜਿਹੜੇ ਨਵੇਂ ਨਹੀਂ ਸੀ ਖਰੀਦ ਸਕਦੇ ਉਨ੍ਹਾਂ ਨੇ ਪੁਰਾਣੇ ਟਕੈਰਟਰਾ ਨੂੰ ਮੋਡੀਫਾਈ ਕਰਵਾ ਲਿਆ ਹੈ।
ਕਿਸਾਨੀ ਸੰਘਰਸ਼ ਸ਼ੁਰੂ ਹੋਣ ਤੋਂ ਟਰੈਕਟਰਾਂ ਦੀ ਮੰਗ ਵਿਚ ਹੋਇਆ ਵਾਧਾ 26 ਜਨਵਰੀ ਦੀ ਟਕੈਰਟਰ ਪਰੇਡ ਕਾਰਨ ਚਰਮ-ਸੀਮਾ ‘ਤੇ ਪਹੁੰਚ ਚੁੱਕਾ ਹੈ। ਇੰਨਾ ਹੀ ਨਹੀਂ, ਕਿਸਾਨੀ ਅੰਦੋਲਨ ਨੇ ਟਰੈਕਟਰਾਂ ਦੀ ਵਿਕਰੀ 'ਤੇ ਵੀ ਅਸਰ ਪਾਇਆ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਪੰਜਾਬ ਭਰ ਵਿਚ ਟਰੈਕਟਰਾਂ ਦੀ ਵਿਕਰੀ 'ਚ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲਗਭਗ ਪੰਜ ਤੋਂ ਦਸ ਫ਼ੀਸਦ ਤਕ ਟਰੈਕਟਰਾਂ ਦੀ ਸੇਲ ਵਧੀ ਹੈ।
ਇਹ ਵਾਧਾ ਦੇਸ਼ ਵਿਆਪੀ ਰੂਪ ਧਾਰਨ ਕਰ ਗਿਆ ਹੈ। ਪੰਜਾਬ ਵਿਚ ਟਰੈਕਟਰ ਨਿਰਮਾਣ ਵਾਲੀਆਂ ਕਈ ਕੰਪਨੀਆਂ ਹਨ ਜਿੱਥੋਂ ਟਰੈਕਟਰਾਂ ਦੀ ਸਪਲਾਈ ਦੇਸ਼ ਦੇ ਕੋਨੇ ਕੋਨੇ ਤਕ ਹੁੰਦੀ ਹੈ। ਸੂਤਰਾਂ ਮੁਤਾਬਕ ਪੰਜਾਬ ਤੋਂ ਇਲਾਵਾ ਦੇਸ਼ ਦੇ ਦੂਜੇ ਸੂਬਿਆਂ ਵਿਚ ਵੀ ਟਕੈਰਟਰਾਂ ਦੀ ਮੰਗ ਵਧੀ ਹੈ।
ਟਰੈਕਟਰ ਵਪਾਰੀਆਂ ਦਾ ਕਹਿਣਾ ਹੈ ਕਿ ਟਰੈਕਟਰ ਦੀ ਵੱਧ ਰਹੀ ਮੰਗ ਕਰਕੇ ਕੰਪਨੀ ਕੋਲ ਟਰੈਕਟਰਾਂ ਦੀ ਘਾਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਟਰੈਕਟਰਾਂ ਦੀ ਸੇਲ 'ਚ ਵਾਧਾ ਹੋਇਆ ਹੈ। ਹਾਲਾਂਕਿ ਪੂਰਾ ਡਾਟਾ ਸਾਲ ਦੇ ਅੰਤ ਵਿੱਚ ਪਤਾ ਚੱਲੇਗਾ। ਪਰ ਕਿਤੇ ਨਾ ਕਿਤੇ ਕਿਸਾਨ ਅੰਦੋਲਨ ਦਾ ਟਰੈਕਟਰਾਂ ਦੀ ਸੇਲ 'ਤੇ ਅਸਰ ਜ਼ਰੂਰ ਪਿਆ ਹੈ।
ਕਾਬਲੇਗੌਰ ਹੈ ਕਿ ਟਰੈਕਟਰਾਂ ਦੀ ਸੇਲ ਵਿਚ ਵਾਧਾ ਕਰੋਨਾ ਕਾਲ ਤੋਂ ਬਾਅਦ ਤੋਂ ਸ਼ੁਰੂ ਹੋ ਗਿਆ ਸੀ। ਅਚਾਨਕ ਲੱਗੇ ਲੌਕਡਾਊਨ ਤੋਂ ਬਾਅਦ ਵੱਡੀ ਗਿਣਤੀ ਕਾਮੇ ਆਪਣੇ ਜੱਦੀ ਸੂਬਿਆਂ ਵੱਲ ਚਲੇ ਗਏ। ਇਨ੍ਹਾਂ ਵਿਚ ਜ਼ਿਆਦਾਤਰ ਕਿਸਾਨ ਪਰਿਵਾਰਾਂ ਨਾਲ ਸਬੰਧਤ ਸਨ ਜੋ ਖੇਤੀ ਛੱਡ ਕੇ ਦੂਜੇ ਸੂਬਿਆਂ ਵਿਚ ਮਿਹਨਤ ਮਜ਼ਦੂਰੀ ਦੇ ਕਿੱਤੇ ਨੂੰ ਅਪਨਾ ਚੁੱਕੇ ਸਨ। ਕਰੋਨਾ ਮਹਾਮਾਰੀ ਨੇ ਇਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਅਤੇ ਇਹ ਆਪਣੇ ਪਿਤਰੀ ਰਾਜਾਂ ਵੱਲ ਨੂੰ ਕੂਚ ਕਰ ਗਏ। ਲੋਕਡਾਊਨ ਖੁਲ੍ਹਣ ਤੋਂ ਬਾਅਦ ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮੇ ਮੁੜ ਖੇਤੀਬਾੜੀ ਨਾਲ ਜੁੜ ਗਏ ਸਨ। ਇਸ ਦਾ ਅਸਰ ਵੀ ਟਰੈਕਟਰਾਂ ਦੀ ਵਿਕਰੀ ‘ਤੇ ਪਿਆ ਹੈ।