ਕਾਲੀ ਮਾਤਾ ਮੰਦਰ ਪਹੁੰਚੇ MP ਪਰਨੀਤ ਕੌਰ, ਕਿਹਾ- ਸੂਬੇ ਦਾ ਮਾਹੌਲ ਖ਼ਰਾਬ ਨਹੀਂ ਹੋਣ ਦੇਵਾਂਗੇ
ਕਾਲੀ ਮਾਤਾ ਮੰਦਰ ਵਿਚ ਬੇਅਦਬੀ ਦੀ ਕੋਸ਼ਿਸ਼ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਪਟਿਆਲਾ: ਕਾਲੀ ਮਾਤਾ ਮੰਦਰ ਵਿਚ ਬੇਅਦਬੀ ਦੀ ਕੋਸ਼ਿਸ਼ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਵੱਖ-ਵੱਖ ਆਗੂਆਂ ਵਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਦੇ ਚਲਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਵੀ ਅੱਜ ਕਾਲੀ ਮਾਤਾ ਮੰਦਰ ਪਹੁੰਚੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹਾਂ।
MP Praneet Kaur
ਉਹਨਾਂ ਕਿਹਾ ਕਿ ਇਸ ਵਿਚ ਸ਼ਰਾਰਤੀ ਅਨਸਰਾਂ ਹੱਥ ਹੋ ਸਕਦਾ ਹੈ। ਅਸੀਂ ਕਿਸੇ ਨੂੰ ਵੀ ਸੂਬੇ ਦਾ ਮਾਹੌਲ ਖ਼ਰਾਬ ਨਹੀਂ ਕਰਨ ਦੇਵਾਂਗੇ। ਮੈਂ ਸੂਬਾ ਸਰਕਾਰ ਨੂੰ ਸੂਬੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕਰਦੀ ਹਾਂ।
Beadbi at Kali Mata temple in Patiala
ਦੱਸ ਦੇਈਏ ਕਿ ਬੀਤੇ ਦਿਨ ਪਟਿਆਲਾ ਵਿਖੇ ਕਾਲੀ ਮਾਤਾ ਮੰਦਰ ਵਿਚ ਇਕ ਵਿਅਕਤੀ ਮੱਥਾ ਟੇਕਣ ਦੇ ਬਹਾਨੇ ਮੰਦਰ ਵਿਚ ਦਾਖਲ ਹੁੰਦਾ ਹੈ, ਕੁਝ ਦੇਰ ਉਥੇ ਖੜ੍ਹਾ ਹੁੰਦਾ ਹੈ ਤੇ ਗੋਲਕ ਕੋਲ ਖੜ੍ਹਾ ਹੋ ਕੇ ਤਾੜੀਆਂ ਮਾਰਦਾ ਹੈ। ਕੁਝ ਹੀ ਦੇਰ ਬਾਅਦ ਰੇਲਿੰਗ ਅਤੇ ਗੋਲਕ 'ਤੇ ਪੈਰ ਰੱਖ ਕੇ ਕਾਲੀ ਮਾਤਾ ਦੀ ਮੂਰਤੀ ਕੋਲ ਪਹੁੰਚ ਜਾਂਦਾ ਹੈ। ਪੁਜਾਰੀਆਂ ਵੱਲੋਂ ਉਕਤ ਨੌਜਵਾਨ ਨੂੰ ਤੁਰੰਤ ਉਥੋਂ ਹਟਾ ਦਿੱਤਾ ਜਾਂਦਾ ਹੈ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।
Protest
ਮੰਦਰ ਵਿਚ ਹੋਈ ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਅੱਜ ਸਾਹਮਣੇ ਆਈ ਇਕ ਹੋਰ ਸੀਸੀਟੀਵੀ ਫੁਟੇਜ ਵਿਚ ਦੇਖਿਆ ਗਿਆ ਕਿ ਬੇਅਦਬੀ ਦੀ ਕੋਸ਼ਿਸ਼ ਤੋਂ ਪਹਿਲਾਂ ਵਿਅਕਤੀ ਵਲੋਂ ਇਕ ਮਹਿਲਾ ਨਾਲ ਬਦਸਲੂਕੀ ਵੀ ਕੀਤੀ ਗਈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਿੰਦੂ ਸੰਗਠਨਾਂ ਵਲੋਂ ਰੋਸ ਵਜੋਂ ਅੱਜ ਪਟਿਆਲਾ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚਲਦਿਆਂ ਪੂਰੇ ਬਾਜ਼ਾਰ ਵਿਚ ਦੁਕਾਨਾਂ ਬੰਦ ਰੱਖੀਆਂ ਗਈਆਂ।