ਲੁਧਿਆਣਾ ਹਾਊਸਿੰਗ ਘੁਟਾਲੇ 'ਚ ਘਿਰੇ ਮੰਤਰੀ ਆਸ਼ੂ ਦੇ ਅਸਤੀਫ਼ੇ ਲਈ 'ਆਪ' ਵਲੋਂ ਵਾਕਆਊਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁਧਿਆਣਾ ਦੇ ਗਰੈਂਡ ਮੈਨਰ ਹੋਮਜ਼ ਬਹੁ-ਕਰੋੜੀ ਘੁਟਾਲੇ 'ਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ...

Harpal Cheema

ਚੰਡੀਗੜ੍ਹ : ਲੁਧਿਆਣਾ ਦੇ ਗਰੈਂਡ ਮੈਨਰ ਹੋਮਜ਼ ਬਹੁ-ਕਰੋੜੀ ਘੁਟਾਲੇ 'ਚ ਘਿਰੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਸਦਨ 'ਚ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕੀਤਾ। ਸੋਮਵਾਰ ਨੂੰ ਪ੍ਰਸ਼ਨਕਾਲ ਸ਼ੁਰੂ ਹੁੰਦਿਆਂ ਹੀ ਹਰਪਾਲ ਸਿੰਘ ਚੀਮਾ ਨੇ ਲੁਧਿਆਣਾ ਗਰੈਂਡ ਮੈਨਰ ਹੋਮਜ਼ ਦਾ ਮਾਮਲਾ ਉਠਾਉਂਦੇ ਹੋਏ ਭਾਰਤ ਭੂਸ਼ਨ ਆਸ਼ੂ ਦਾ ਅਸਤੀਫ਼ਾ ਮੰਗਿਆ।

ਚੀਮਾ ਨੇ ਲੈਂਡ ਮਾਫ਼ੀਆ ਨਾਲ ਮੰਤਰੀ ਆਸ਼ੂ ਦੀ ਮਿਲੀਭੁਗਤ ਅਤੇ ਜਾਂਚ ਅਫ਼ਸਰਾਂ ਨੂੰ ਆਸ਼ੂ ਵਲੋਂ ਦਿਤੀਆਂ ਗਈਆਂ ਸ਼ਰੇਆਮ ਧਮਕੀਆਂ ਦਾ ਮੁੱਦਾ ਉਠਾਇਆ। ਚੀਮਾ ਨੇ ਸਦਨ 'ਚ ਮੰਤਰੀ ਆਸ਼ੂ ਵੱਲੋਂ 2 ਅਫ਼ਸਰਾਂ 'ਤੇ ਮੰਤਰੀ ਆਸ਼ੂ ਵੱਲੋਂ ਪਾਏ ਜਾ ਰਹੇ ਦਬਾਅ ਅਤੇ ਦਿਤੀਆਂ ਜਾ ਰਹੀਆਂ ਧਮਕੀਆਂ ਦੀ ਫ਼ੋਨ ਰਿਕਾਰਡਿੰਗ ਸਦਨ 'ਚ ਸੁਣਾਉਣ ਦੀ ਇਜਾਜ਼ਤ ਮੰਗੀ ਪਰੰਤੂ ਸਪੀਕਰ ਨੇ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿਤਾ।

ਇਸ ਦੌਰਾਨ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ 'ਆਪ' ਵਿਧਾਇਕਾਂ ਵਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਪਿੱਛੇ ਸਥਾਨਕ ਸਰਕਾਰਾਂ ਬਾਰੇ ਮੰਤਰੀ (ਨਵਜੋਤ ਸਿੰਘ ਸਿੱਧੂ) ਦਾ ਹੱਥ ਦੱਸਿਆ। ਜਿਸ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ 'ਆਪ' ਵਿਧਾਇਕਾਂ ਨੇ ਅਕਾਲੀ ਵਿਧਾਇਕਾਂ 'ਤੇ ਵੀ ਲੈਂਡ ਮਾਫ਼ੀਆ ਨੂੰ ਸ਼ਹਿ ਦੇਣ ਦਾ ਦੋਸ਼ ਲਗਾਇਆ ਅਤੇ ਅਕਾਲੀਆਂ ਅਤੇ ਕਾਂਗਰਸੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।

'ਆਪ' ਵਿਧਾਇਕਾਂ ਵਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ ਦੌਰਾਨ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲੁਧਿਆਣਾ ਗਰੈਂਡ ਮੈਨਰ ਹੋਮਜ਼ ਮਾਮਲੇ ਨੂੰ ਗੰਭੀਰ ਮਾਮਲਾ ਦੱਸਦੇ ਹੋਏ 'ਆਪ' ਵਿਧਾਇਕਾਂ ਨੂੰ ਇਹ ਮੁੱਦਾ ਸਿਫ਼ਰ ਕਾਲ ਦੌਰਾਨ ਉਠਾਉਣ ਦੀ ਅਪੀਲ ਕੀਤੀ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਦਨ ਕਮੇਟੀ ਦੀ ਜਾਂਚ ਸਮਾਂਬੱਧ ਕਰਨ ਲਈ ਕਿਹਾ। ਇਸ ਦੌਰਾਨ ਹੀ ਜਦ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅਪਣਾ ਪੱਖ ਰੱਖਣਾ ਚਾਹਿਆ ਤਾਂ ਸਪੀਕਰ ਦੇ ਕਹਿਣ 'ਤੇ 'ਆਪ' ਵਿਧਾਇਕ ਵਾਪਸ ਸੀਟਾਂ 'ਤੇ ਜਾ ਬੈਠੇ।

ਭਾਰਤ ਭੂਸ਼ਨ ਆਸ਼ੂ ਨੇ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਦੀ ਪੇਸ਼ਕਸ਼ ਦਿੰਦਿਆਂ ਸਦਨ ਦੀ ਜਾਂਚ ਕਮੇਟੀ ਗਠਿਤ ਕਰਨ ਲਈ ਕਿਹਾ। ਜਿਸ 'ਤੇ 'ਆਪ' ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਉਹ ਮੰਤਰੀ ਦੀ ਪੇਸ਼ਕਸ਼ 'ਤੇ ਸਦਨ ਦੀ ਕਮੇਟੀ ਗਠਿਤ ਕਰਨ ਦੇ ਹੱਕ 'ਚ ਹਨ, ਬਸ਼ਰਤੇ ਜਾਂਚ ਮੁਕੰਮਲ ਹੋਣ ਤੱਕ ਭਾਰਤ ਭੂਸ਼ਨ ਆਸ਼ੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ। 'ਆਪ' ਵਿਧਾਇਕਾਂ ਦੀ ਇਹ ਮੰਗ ਨਾ ਮੰਨੇ ਜਾਣ 'ਤੇ 'ਆਪ' ਵਿਧਾਇਕਾਂ ਨੇ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਾਕਆਊਟ ਕਰ ਦਿਤਾ।

ਸਦਨ 'ਚ ਬਾਹਰ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਅਤੇ ਸਰਬਜੀਤ ਕੌਰ ਮਾਣੂੰਕੇ ਨੇ 5 ਦਿਨਾਂ ਬਾਅਦ ਵੀ ਆਸ਼ੂ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਵਿਰੋਧ ਕੀਤਾ। ਮਾਣੂੰਕੇ ਨੇ ਦਸਤਾਵੇਜ਼ੀ ਤੱਥਾਂ ਨਾਲ ਗਰੈਂਡ ਮੈਨਰ ਹੋਮਜ਼ ਜ਼ਮੀਨ ਘੁਟਾਲੇ ਬਾਰੇ ਜਾਣਕਾਰੀ ਦਿੱਤੀ ਅਤੇ ਕਾਂਗਰਸ 'ਤੇ ਪੰਜਾਬ ਅੰਦਰ ਲੈਂਡ ਮਾਫ਼ੀਆ ਵਜੋਂ ਆਸ਼ੂ ਵਰਗੇ ਨਵੇਂ ਰਾਬਰਟ ਵਾਡਰਾ ਪੈਦਾ ਕਰਨ ਦੇ ਦੋਸ਼ ਲਗਾਏ। ਮਾਣੂੰਕੇ ਨੇ ਨਾਲ ਹੀ ਚੇਤਾਵਨੀ ਦਿਤੀ ਕਿ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ 'ਤੇ ਪੰਜਾਬ 'ਚ ਨਵੇਂ ਰਾਬਰਟ ਵਾਡਰਾ ਨਹੀਂ ਪੈਦਾ ਹੋਣ ਦੇਵੇਗੀ।

ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੰਤਰੀ ਆਸ਼ੂ ਵਲੋਂ ਇਸ ਜ਼ਮੀਨ ਘੋਟਾਲੇ ਦੀ ਜਾਂਚ ਅਤੇ ਸੀਐਲਯੂ ਪ੍ਰਕਿਰਿਆ ਨਾਲ ਜੁੜੇ ਦੋ ਅਫ਼ਸਰਾਂ ਨੂੰ ਮੋਬਾਈਲ ਫ਼ੋਨ 'ਤੇ ਧਮਕਾਏ ਜਾਣ ਦੀ ਰਿਕਾਰਡਿੰਗ ਮੀਡੀਆ ਨੂੰ ਸੁਣਾਈ। ਪ੍ਰਸ਼ਨ ਕਾਲ ਖ਼ਤਮ ਹੁੰਦਿਆਂ ਜਦ 'ਆਪ' ਵਿਧਾਇਕਾਂ ਨੇ ਇਹ ਮਾਮਲਾ ਫਿਰ ਤੋਂ ਉਠਾਇਆ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਮੇਟੀ ਦੀ ਰਿਪੋਰਟ ਆਉਣ 'ਤੇ ਹੀ ਅਗਲਾ ਕਦਮ ਉਠਾਇਆ ਜਾਵੇਗਾ। ਪਰੰਤੂ ਕੈਪਟਨ ਦੇ ਇਸ ਭਰੋਸੇ 'ਤੇ 'ਆਪ' ਵਿਧਾਇਕ ਸੰਤੁਸ਼ਟ ਨਹੀਂ ਹੋਏ।

ਇਸ ਪੂਰੇ ਸ਼ੋਰ-ਸ਼ਰਾਬੇ ਦੌਰਾਨ ਬਿਕਰਮ ਸਿੰਘ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਕਾਫ਼ੀ ਨੋਕ-ਝੋਕ ਹੁੰਦੀ ਰਹੀ। ਵਾਕਆਊਟ ਕਰਨ ਵਾਲਿਆਂ 'ਚ ਚੀਮਾ ਅਤੇ ਮਾਣੂੰਕੇ ਤੋਂ ਇਲਾਵਾ ਪ੍ਰਿੰਸੀਪਲ ਬੁੱਧਰਾਮ, ਅਮਨ ਅਰੋੜਾ, ਮੀਤ ਹੇਅਰ, ਕੰਵਰ ਸੰਧੂ, ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਜਗਦੇਵ ਸਿੰਘ ਕਮਾਲੂ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ, ਜੌ ਕਿਸ਼ਨ ਸਿੰਘ ਰੌੜੀ, ਕੁਲਵੰਤ ਸਿੰਘ ਪੰਡੋਰੀ ਆਦਿ ਸ਼ਾਮਲ ਸਨ।