ਕੈਪਟਨ ਅਮਰਿੰਦਰ ਸਿੰਘ ਅਪਣੀ ਪਾਕਿ ਦੋਸਤ ਅਰੂਸਾ ਆਲਮ ਦਾ ਹਮੇਸ਼ਾ ਲਈ ਬਾਈਕਾਟ ਕਰਨ : ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਅਤਿਵਾਦੀ ਹਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ 44 ਜਵਾਨਾਂ ਦੇ ਬਦਲੇ ਵਿਚ 82 ਪਾਕਿ ਫ਼ੌਜੀਆਂ ਨੂੰ ਮਾਰਨ ਅਤੇ ਜੈਸ਼-ਏ-ਮੁਹੰਮਦ ਦੇ ਚੀਫ਼ ...

Captain with Arusa Alam

ਨਵਾਂ ਸ਼ਹਿਰ : ਪੁਲਵਾਮਾ ਅਤਿਵਾਦੀ ਹਮਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸ਼ਹੀਦ 44 ਜਵਾਨਾਂ ਦੇ ਬਦਲੇ ਵਿਚ 82 ਪਾਕਿ ਫ਼ੌਜੀਆਂ ਨੂੰ ਮਾਰਨ ਅਤੇ ਜੈਸ਼-ਏ-ਮੁਹੰਮਦ ਦੇ ਚੀਫ਼ ਅਜ਼ਹਰ ਮਹਿਮੂਦ ਵਿਰੁੱਧ ਸਖ਼ਤ ਕਾਰਵਾਈ ਨੂੰ ਅਮਲ ਵਿਚ ਲਿਆਉਣ ‘ਚ ਅਸਫ਼ਲ ਪਾਕਿ ਦੀ ਸਰਕਾਰ ਨੂੰ ਖ਼ੁਦ ਕਾਰਵਾਈ ਕਰਨ ਦੇ ਦਿੱਤੇ ਬਿਆਨਾਂ ਉਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਅੰਤਰਰਾਸ਼ਟਰੀ ਮਸਲੇ ਵਿਚ ਕਿਸੇ ਦੇਸ਼ ਦੇ ਰਾਜ ਦਾ ਇਕ ਮੁੱਖ ਮੰਤਰੀ ਕਿਸ ਤਰ੍ਹਾਂ ਦੂਜੇ ਰਾਸ਼ਟਰ ਦੇ ਇਲਾਕੇ ਵਿਚ ਜਾ ਕੇ ਅਜਿਹਾ ਕਦਮ ਚੁੱਕ ਸਕਦੈ।

ਖਹਿਰਾ ਨੇ ਇਹ ਪ੍ਰਗਟਾਵਾ ਇੱਥੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਦੇ ਕਲੀਨਿਕ ‘ਤੇ ਇਕ ਪ੍ਰੈਸ ਕਾਂਨਫਰੰਸ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸੇ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਪਹਿਲਾਂ ਨਸ਼ੇ ਦੇ ਸੌਦਾਗਰਾਂ, ਭ੍ਰਿਸ਼ਟਾਚਾਰ ਦੇ ਦੋਸ਼ੀ ਆਗੂਆਂ, ਰੇਤ ਮਾਫ਼ੀਆਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਦਿਖਾਉਣ।

ਉਨ੍ਹਾ ਨੇ ਮੁੱਖ ਮੰਤਰੀ ਕੈਪਟਨ ‘ਤੇ ਦੋਹਰੀ ਸਿਆਸਤ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਕ ਪਾਸੇ ਤਾਂ ਪਾਕਿ ਦੀ ਨਿੰਦਾ ਕਰਦੇ ਹਨ ਅਤੇ ਦੂਜੇ ਪਾਸੇ ਪਾਕਿ ਦੀ ਡਿਵੈਂਸ ਐਨਾਲਿਸਟ ਅਰੂਸਾ ਆਲਮ ਨੂੰ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਤੇ ਪਨਾਹ ਦੇ ਕੇ ਰੱਖਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਪਾਕਿਸਤਾਨ ਵੱਲੋਂ ਦੇਸ਼ ਵਿਚ ਦਖ਼ਲਅੰਦਾਜ਼ੀ ਦੇ ਦੋਸ਼ਾਂ ਪ੍ਰਤੀ ਸੰਜੀਦਾ ਹਨ ਤਾਂ ਅਰੂਸਾ ਆਲਮ ਨੂੰ ਸਥਾਈ ਤੌਰ ‘ਤੇ ਵਾਪਿਸ ਪਾਕਿਸਤਾਨ ਭੇਜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਬੇਅਦਬੀ ਦੀ ਜਾਂਚ ਕਾਫ਼ੀ ਹੋਲੀ ਚੱਲ ਰਹੀ ਹੈ।

ਕੈਪਟਨ ਸਰਕਾਰ ਦੀ ਸੱਤਾ ਦਾ ਅੱਧਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਤੱਕ ਇਸ ਮਾਮਲੇ ਵਿਚ ਸਿਰਫ਼ 2 ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮੰਗ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ, ਸਬੂਤਾਂ ਨੂੰ ਨਸ਼ਟ ਕਰਨ ਅਤੇ ਦੋਸ਼ੀਆਂ ਨੂੰ ਬਚਾਉਣ ਵਾਲ ਅਧਿਕਾਰੀ ਅਤੇ ਸਿਆਸੀ ਆਗੂ ਉਹ ਚਾਹੇ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨੇ ਹੋ, ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ।

ਇਕ ਪ੍ਰਸ਼ਨ ਦੇ ਉੱਤਰ ਵਿਚ ਕਿਹਾ ਕਿ ਪੰਜਾਬ ਵਿਚ ਅਗਾਮੀ ਲੋਕ ਸਭਾ ਚੋਣਆਂ ਦੇ ਮੱਦੇਨਜ਼ਰ ਪੰਜਾਬ ਡੈਮੋਕ੍ਰੇਟਿਕ ਰਿਲਾਇੰਸ ਦੀਆਂ ਸੀਟਾਂ ਦੀ ਵੰਡ ਅਤੇ ਸਾਂਝੇ ਮਸਲਿਆਂ ਨੂੰ ਲੈ ਕੇ ਅੰਤਿਮ ਬੈਠਕ ਲੋਕ ਇਨਸਾਫ਼ ਪਾਰਟੀ, ਬਸਪਾ ਅਤੇ ਪੰਜਾਬ ਏਕਤਾ ਪਾਰਟੀ ਦੀ ਸੋਮਵਾਰ ਨੂੰ ਆਯੋਜਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਸਨ ਕਿ ਟਕਸਾਲੀ ਅਕਾਲੀ ਵੀ ਇਸ ਗੱਠਜੋੜ ਦਾ ਹਿੱਸਾ ਬਣਦੇ ਪਰ ਬਦਕਸਮਤੀ ਨਾਲ ਟਕਸਾਲੀ ਅਕਾਲੀਆਂ ਨੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਬੀਰ ਦਵਿੰਦਰ ਸਿੰਘ ਨੂੰ ਇਕ ਤਰਫ਼ਾ ਫ਼ੈਸਲਾ ਲੈਂਦੇ ਹੋ ਉਮੀਦਵਾਰ ਐਲਾਨ ਦਿੱਤਾ ਹੈ।

ਉਨ੍ਹੇ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਵਿਰੁੱਧ ਤੀਜਾ ਬਦਲ ਲਿਆਉਣ ਲਈ ਅਜੇ ਵੀ ਉਹ ਟਕਸਾਲੀ ਅਕਾਲੀ ਪਾਰਟੀ ਨੂੰ ਅਪੀਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਕਤ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਤਬਾਹ ਕੀਤਾ ਹੈ।